ਪਿੰਡ ਮਾਣਕਪੁਰਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਦੀ ਕਰਵਾਈ ਸ਼ੁਰੂਆਤ

ਤਰਨ ਤਾਰਨ, 14 ਮਈ-       ਡਿਪਟੀ ਕਮਿਸ਼ਨਰ, ਤਰਨ ਤਾਰਨ ਸ੍ਰੀ ਰਾਹੁਲ ਅਤੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਰਨ ਡਾ. ਤੇਜਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦੇਣ ਹਿੱਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਪੱਟੀ ਅਤੇ ਪੀ. ਏ. ਯੂ ਦੇ ਫਾਰਮ ਸਲਾਹਕਾਰ ਕੇਂਦਰ, ਤਰਨ ਤਾਰਨ ਦੇ ਮਾਹਿਰਾਂ ਵੱਲੋਂ  ਪਿੰਡ ਮਾਣਕਪੁਰਾ ਵਿਖੇ ਉੱਦਮੀ ਕਿਸਾਨ ਅੰਗਰੇਜ਼ ਸਿੰਘ ਦੇ ਖੇਤਾਂ ਵਿੱਚ 11 ਏਕੜ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰਾਈ। ਇਸ ਮੌਕੇ ਮਾਹਿਰਾਂ ਨੇ ਕਿਹਾ ਕਿ ਪਾਣੀ ਦੇ ਘਟ ਰਹੇ ਪੱਧਰ ਅਤੇ ਮਜਦੂਰੀ ਦੀ ਕਮੀ ਨੂੰ ਹੱਲ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਕਾਰਗਰ ਤਰੀਕਾ ਹੈ। ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਖੇਤ ਦੀ ਲੈਵਲਿੰਗ ਬਹੁਤ ਜਰੂਰੀ ਹੈ। ਉੱਤਮ ਪ੍ਰਮਾਣਿਤ 8 ਤੋਂ 10 ਕਿਲੋ ਬੀਜ ਪ੍ਰਤੀ ਏਕੜ ਨੂੰ ਸਪਰਿੰਟ ਦਵਾਈ ਨਾਲ ਸੋਧਣਾ ਲਾਹੇਵੰਦ ਹੈ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ ਵੱਤਰ ਖੇਤ ਵਿੱਚ ਇਕ ਲਿਟਰ ਪੈਂਡੀਮੈਥਾਲਿਨ ਜਾਂ ਪੇਪੇ ਦਵਾਈ ਦੇ ਘੋਲ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਸ਼ੁਰੂਆਤੀ ਦੌਰ ਦੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਜੇਕਰ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕੀਤੀ ਜਾਵੇ ਅਤੇ ਵੱਤਰ ਆਉਂਦਿਆਂ ਹੀ ਨਦੀਨ ਨਾਸ਼ਕ ਦਾ ਛਿੜਕਾਅ ਕਰਨਾ ਲਾਹੇਵੰਦ ਰਹਿੰਦਾ ਹੈ।ਇਸ ਮੌਕੇ ਦੱਸਿਆ ਗਿਆ ਕਿ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ‘ਤੇ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ। ਸਿੱਧੀ ਬਿਜਾਈ ਦੇ ਇੱਛੁਕ ਕਿਸਾਨ 15 ਜੂਨ ਤੱਕ ਸਿੱਧੀ ਬਿਜਾਈ ਲਈ ਪੋਰਟਲ ‘ਤੇ ਰਜਿਸਟਰ ਹੋਣ। ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਇੱਛੁਕ ਕਿਸਾਨਾਂ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ, ਪੱਟੀ ਵੱਲੋਂ 19 ਮਈ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਦਫਤਰ ਵਿਖੇ ਕਿਸਾਨ ਗੋਸ਼ਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਦੇਵ ਸਿੰਘ ਤਕਨੀਕੀ ਸਹਾਇਕ ਪ੍ਰਬੰਧਕ , ਦਰਬਾਰਾ ਸਿੰਘ, ਯਾਦਵਿੰਦਰ ਸਿੰਘ , ਮਨਪ੍ਰੀਤ ਸਿੰਘ , ਗੁਰਸਾਹਿਬ ਸਿੰਘ ਨੇ ਸਹਿਯੋਗ ਅਤੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ।

Leave a Reply

Your email address will not be published. Required fields are marked *