ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮਲੋਟ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

ਮਲੋਟ, 24 ਫਰਵਰੀ

 

ਪੰਜਾਬ ਸਰਕਾਰ ਦੀ ਲੋਕ-ਭਲਾਈ ਨੀਤੀ ਅਧੀਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮਲੋਟ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਦਿੰਦਿਆਂ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਨੀਂਹ ਪੱਥਰ ਰੱਖੇ ਗਏ। ਉਨ੍ਹਾਂ ਅੱਜ ਮਲੋਟ ਵਿੱਚ ਵਾਰਡ ਨੰਬਰ 19, ਪਿੰਡ ਅਬੁਲ ਖੁਰਾਣਾ, ਘੱਗਾ ਅਤੇ ਸ਼ੇਰਗੜ੍ਹ ਵਿਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ।

 

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਪਿੰਡ ਘੱਗਾ ਵਿਖੇ ਲਗਭਗ 18 ਲੱਖ ਦੀ ਲਾਗਤ ਨਾਲ ਦਾਣਾ ਮੰਡੀ, ਲਗਭਗ 54 ਲੱਖ ਦੀ ਲਾਗਤ ਨਾਲ ਫਿਰਨੀ, ਲਗਭਗ 70 ਲੱਖ ਦੀ ਲਾਗਤ ਨਾਲ ਪਲੇਗਰਾਊਂਡ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਬਣਨ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਖਰੀਦ-ਫ਼ਰੋਖ਼ਤ ਲਈ ਵਧੀਆ ਸੁਵਿਧਾਵਾਂ ਮਿਲਣਗੀਆਂ, ਜਦਕਿ ਪਲੇਗਰਾਊਂਡ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਨਾ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਮਲੋਟ ਵਿਖੇ ਵਾਰਡ ਨੰਬਰ 19 ਵਿੱਚ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਮੰਤਰੀ ਜੀ ਨੇ ਕਿਹਾ ਕਿ ਕਮਿਊਨਿਟੀ ਹਾਲ ਦੇ ਬਣਨ ਨਾਲ ਇਲਾਕਾ ਵਾਸੀਆਂ ਨੂੰ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਲਈ ਸੁਵਿਧਾਜਨਕ ਸਥਾਨ ਪ੍ਰਾਪਤ ਹੋਵੇਗਾ।

 

ਇਸ ਤੋਂ ਬਾਅਦ ਪਿੰਡ ਅਬੁੱਲ ਖੁਰਾਣਾ ਵਿਖੇ ਤਿੰਨ ਗਲੀਆਂ ਦੇ ਨਿਰਮਾਣ ਕੰਮ, ਜਿੰਮ ਅਤੇ ਫਿੱਟਨੈਸ ਸੈਂਟਰ,ਇੱਕ ਹੈਲਥ ਸੈਂਟਰ, ਇੱਕ ਪੰਚਾਇਤ ਘਰ ਅਤੇ ਇੱਕ ਪਾਈਪ ਲਾਈਨ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਗਈ। ਡਾ. ਬਲਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਪਿੰਡ ਵਾਸੀਆਂ ਨੂੰ ਸਹੂਲਤਾਂ ਵਿੱਚ ਸੁਧਾਰ ਮਿਲੇਗਾ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਮਜ਼ਬੂਤ ਹੋਵੇਗੀ।

 

ਇਸੇ ਤਰ੍ਹਾਂ ਪਿੰਡ ਸ਼ੇਰਗੜ੍ਹ ਵਿਖੇ ਮੋਗਾ ਮਨਜ਼ੂਰ ਹੋਏ ਵਿਕਾਸ ਕੰਮਾਂ ਦੀ ਵੀ ਜਲਦ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਪਿੰਡ ਅਤੇ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ ਪੂਰੇ ਕੀਤੇ ਜਾਣਗੇ।

 

ਇਸ ਮੌਕੇ ਸਰਪੰਚ ਅਮਨਦੀਪ ਕੌਰ, ਸਰਪੰਚ ਰਵਿੰਦਰ ਕੌਰ, ਭੁਪਿੰਦਰ ਸਿੰਘ ਬੀਡੀਪੀਓ ਮਲੋਟ, ਪੀਏ ਅਰਸ਼ ਸਿੱਧੂ,  ਪੀਏ ਸ਼ਿੰਦਰਪਾਲ, ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਪੰਚਾਇਤੀ ਨੁਮਾਇੰਦੇ ਹਾਜ਼ਰ ਸਨ।

Leave a Reply

Your email address will not be published. Required fields are marked *

Advertisement