ਜਲੰਧਰ, 03 ਮਈ -ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਅਤੇ ਜ਼ਿਲ੍ਹਾ ਮਹਿਲਾ ਵਿੰਗ ਜਲੰਧਰ ਵਲੋਂ ਅੱਜ ਕੰਪਨੀ ਬਾਗ ਚੌਕ, ਜਲੰਧਰ ਵਿਖੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਬੇਮਿਸਾਲ ਵਾਧੇ ਖਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਕੇਂਦਰ ਦੀ ਭਾਜਪਾ ਸਰਕਾਰ ਵਲੋਂ 19 ਕਿਲੋਗ੍ਰਾਮ ਵਪਾਰਕ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿੱਚ ਰਿਕਾਰਡ 993 ਰੁਪਏ ਦਾ ਵਾਧਾ ਕਰਨ ਨਾਲ ਕਈ ਖੇਤਰਾਂ ਵਿੱਚ ਕੀਮਤ 3071 ਰੁਪਏ ਤੋਂ ਵੱਧ ਹੋ ਗਈ ਹੈ।
ਇਸ ਰੋਸ ਪ੍ਰਦਰਸ਼ਨ ਵਿੱਚ ਸੂਬਾ ਸਕੱਤਰ ਵਪਾਰ ਵਿੰਗ ਹਰਿੰਦਰਪਾਲ ਸਿੰਘ ਮਨੋਚਾ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਲਗਾਤਾਰ ਤੀਜਾ ਮਹੀਨਾਵਾਰ ਵਾਧਾ ਹੈ, ਜੋ ਮਾਰਚ ਤੋਂ ਬਾਅਦ 1300 ਰੁਪਏ ਤੋਂ ਵੱਧ ਦਾ ਵਾਧਾ ਹੈ। ਉਨ੍ਹਾਂ ਕਿਹਾ ਕਿ ਕੀਮਤ ਵੱਧਣ ਨਾਲ ਛੋਟੇ ਵਪਾਰੀਆਂ ਜਿਵੇਂ ਢਾਬੇ, ਰੈਸਟੋਰੈਂਟ ਅਤੇ ਰੇਹੜੀਆਂ ਤੇ ਖਾਣ-ਪੀਣ ਦੀਆਂ ਚੀਜਾਂ ਵੇਚਣ ਵਾਲਿਆਂ ’ਤੇ ਬਹੁਤ ਬੁਰਾ ਪ੍ਰਭਾਵ ਪਏਗਾ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰਾਂ ਦੇ ਰੇਟ ਵੱਧਣ ਨਾਲ ਹਰੇਕ ਚੀਜ਼ਾਂ ਦੇ ਰੇਟ ਵੱਧਣਗੇ ਤੇ ਛੋਟੇ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਕਰਨ ਲਈ ਮਜ਼ਬੂਰ ਹੋਣਾ ਪਏਗਾ।
ਜ਼ਿਲ੍ਹਾ ਪ੍ਰਧਾਨ (ਵਪਾਰ ਵਿੰਗ ਸ਼ਹਿਰੀ) ਇੰਦਰਵੰਸ਼ ਸਿੰਘ ਚੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਪਾਸਿਓਂ ਅਸਫਲ ਸਾਬਿਤ ਹੋਈ ਹੈ, ਜਦੋਂਕਿ ਭਾਰਤੀ ਮੁਦਰਾ ਅਮਰੀਕੀ ਡਾਲਰ ਦੇ ਮੁਕਾਬਲੇ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰਾਂ ਦਾ ਭਾਰੀ ਵਾਧਾ ਹਲਵਾਈਆਂ, ਰੈਸਟੋਰੈਂਟ ਮਾਲਕਾਂ, ਛੋਟੇ ਵਪਾਰੀਆਂ ਅਤੇ ਗਲੀ ਵਿਕ੍ਰੇਤਾਵਾਂ ਦਾ ਲੱਕ ਤੋੜ ਦੇਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਮਾਰੂ ਨੀਤੀਆਂ ਸਦਕਾ ਅੱਜ ਕਈ ਪ੍ਰਵਾਸੀ ਲੋਕ ਆਪਣਾ ਕਾਰੋਬਾਰ ਬੰਦ ਕਰਕੇ ਵਾਪਿਸ ਚਲੇ ਗਏ ਹਨ।
ਜ਼ਿਲ੍ਹਾ ਪ੍ਰਧਾਨ (ਵਪਾਰ ਵਿੰਗ ਦਿਹਾਤੀ) ਅਸ਼ਵਨੀ ਕੋਹਲੀ ਅਤੇ
ਜ਼ਿਲ੍ਹਾ ਪ੍ਰਧਾਨ (ਮਹਿਲਾ ਵਿੰਗ) ਸ਼ੋਭਾ ਬਘਾਟ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦੀ ਬਜਾਏ, ਗੈਸ ਸਿਲੰਡਰਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ, ਜਿਸਦੀ ਆਮ ਆਦਮੀ ਪਾਰਟੀ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਚੋਣਾਂ ਦੌਰਾਨ ਸਿਰਫ਼ ਆਮ ਲੋਕਾਂ ਨਾਲ ਝੂਠੇ ਵਾਅਦੇ ਕਰਦੀ ਹੈ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਸਾਰੇ ਵਾਅਦੇ ਭੁੱਲ ਕੇ ਮਹਿੰਗਾਈ ਵਿੱਚ ਰਿਕਾਰਡ ਵਾਧਾ ਕਰਕੇ ਲੋਕਾਂ ਦਾ ਲੱਕ ਤੋੜ ਦਿੰਦੀ ਹੈ।
ਵਪਾਰ ਅਤੇ ਮਹਿਲਾ ਵਿੰਗ ਦੇ ਅਹੁਦੇਦਾਰਾਂ ਨੇ ਕਿਹਾ ਕਿ ਕੇਂਦਰ ਦੀ ਬੀ.ਜੇ.ਪੀ.ਸਰਕਾਰ ਗੈਸ ਸਿਲੰਡਰਾਂ ਦੇ ਵਧਾਏ ਗਏ ਰੇਟ ਤੁਰੰਤ ਪ੍ਰਭਾਵ ਨਾਲ ਵਾਪਿਸ ਲਵੇ। ਉਨ੍ਹਾਂ ਕਿਹਾ ਕਿ ਅੱਜ ਸੂਬੇ ਭਰ ਵਿੱਚ ਮਹਿੰਗਾਈ ਅਤੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਆਮ ਆਦਮੀ ਪਾਰਟੀ ਵਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸ ਮੌਕੇ ਹਲਕਾ ਕੋਆਰਡੀਨੇਟਰ ਅਤੇ ਮੁੱਖ ਕਾਰਜਕਰਤਾ ਸੁਮਿਤ ਸਰਾ, ਨਵਨੀਤ ਜੁਨੇਜਾ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ ਪੁਰੇਵਾਲ, ਅਜੈ ਵਰਮਾ ਤੋਂ ਇਲਾਵਾ ਬਲਾਕ ਕੋਆਰਡੀਨੇਟਰ ਅਤੇ ਵਲੰਟੀਅਰ ਜਗਤਾਰ ਸਿੰਘ, ਵਿਨੋਦ ਕੁਮਾਰ,ਭੁਪਿੰਦਰ ਸਿੰਘ, ਹਰਜੀਤ ਸਿੰਘ, ਹਰਨੀਤ ਮਧੋਕ, ਗੁਲਸ਼ਨ ਜੈਨ, ਸੂਰਜ, ਵਰਿੰਦਰ,ਮਨਵਿੰਦਰ, ਸੁਭਾਸ਼ ਸੰਜੇ ਗਿੱਲ, ਅਜੈ ਗਿੱਲ, ਅੰਕੁਰ ਸਿਆਲ ਅਤੇ ਰੋਹਿਤ ਗਿੱਲ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

