ਫਾਜ਼ਿਲਕਾ,10 ਫਰਵਰੀ
ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਫਾਜ਼ਿਲਕਾ ਸ. ਸੁਰਮੁਖ ਸਿੰਘ ਦੀ ਪ੍ਰਧਾਨਗੀ ਹੇਠ ਜਿਲ੍ਹਾ ਜਲ ਅਤੇ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹੋਈ।
ਮੀਟਿੰਗ ਦੌਰਾਨ ਸ. ਸੁਰਮੁਖ ਸਿੰਘ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਪਿੰਡਾਂ ਵਿੱਚ ਕਰਵਾਏ ਜਾਣ ਵਾਲੇ ਕੰਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਬੈਠਕ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉੱਪ ਮੰਡਲ ਇੰਜੀ., ਜੂਨੀਅਰ ਇੰਜੀ, ਸੋਸ਼ਲ ਸਟਾਫ ਅਤੇ ਮੋਟੀਵੇਟਰਜ਼ ਨਾਲ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਪੂਰੇ ਹੋ ਚੁੱਕੇ ਠੋਸ ਕੂੜਾ ਪ੍ਰਬੰਧਨ ਪ੍ਰਾਜੈਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਦਾਇਤਾਂ ਜਾਰੀ ਕੀਤੀ ਗਈਆਂ ਤੇ ਜੋ ਕੰਮ ਅਧੂਰੇ ਹਨ ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਸਟਾਫ ਨਾਲ ਤਾਲਮੇਲ ਕਰਕੇ ਪੂਰਾ ਕਰਵਾਇਆ ਜਾਵੇ।
ਬੈਠਕ ਦੌਰਾਨ ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਫਾਜ਼ਿਲਕਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ 19,222 ਨਿੱਜੀ ਪਖਾਨੇ ਬਣਾਉਣ ਲਈ ਲਾਭਪਾਤਰੀਆਂ ਦੀ ਪਹਿਚਾਣ ਕੀਤੀ ਗਈ ਹੈ, ਇਨ੍ਹਾਂ ਵਿਚੋਂ 14,013 ਪਖਾਨੇ ਬਣ ਕੇ ਤਿਆਰ ਹੋ ਗਏ ਹਨ ਤੇ 2218 ਪਖਾਨੇ ਪ੍ਰਗਤੀ ਅਧੀਨ ਹਨ। ਉਨ੍ਹਾਂ ਕਿਹਾ ਕਿ ਜਿਹੜੇ 2991 ਪਖਾਨਿਆਂ ਦਾ ਕੰਮ ਸ਼ਰੂ ਨਹੀਂ ਕਰਵਾਇਆ ਗਿਆ ਉਨ੍ਹਾਂ ਨੂੰ ਵੀ 28 ਫਰਵਰੀ ਤੱਕ ਪੂਰਾ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਪਖਾਨੇ ਬਣ ਚੁੱਕੇ ਹਨ ਉਨ੍ਹਾਂ ਦੀ ਜੀ.ਓ ਟੈਗਿੰਗ ਕਰਵਾਈ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 81 ਪਿੰਡ ਕਮਿਊਨਿਟੀ ਸੈਨੇਟਰੀ ਕੰਪਲੈਕਸ ਬਣਾਉਣ ਲਈ ਪਹਿਚਾਣੇ ਗਏ ਸਨ ਜਿੰਨ੍ਹਾਂ ਵਿਚੋਂ 56 ਬਣ ਗਏ ਹਨ ਅਤੇ 19 ਦਾ ਕੰਮ ਪ੍ਰਗਤੀ ਅਧੀਨ ਹੈ ਤੇ 6 ਜਨਤਕ ਪਖਾਨਿਆਂ ਦਾ ਕੰਮ 15ਵੇਂ ਵਿੱਤ ਕਮਿਸ਼ਨ ਦੇ ਫੰਡ ਤਹਿਤ 90 ਹਜ਼ਾਰ ਦੀ ਰਾਸ਼ੀ ਜਮ੍ਹਾਂ ਨਾ ਹੋਣ ਕਰਕੇ ਸ਼ੁਰੂ ਨਹੀਂ ਹੋ ਸਕਿਆ ਉਹ ਰਾਸ਼ੀ ਰੂਰਲ ਵਿਭਾਗ ਨਾਲ ਤਾਲਮੇਲ ਕਰਕੇ ਜਲਦੀ ਜਮ੍ਹਾਂ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾਵੇ।
ਉਨ੍ਹਾਂ ਨੇ ਦੱਸਿਆ ਕਿ ਪਿੰਡਾਂ ਵਿਚ ਠੋਸ ਕਚਰੇ ਦੇ ਪ੍ਰਬੰਧਨ ਲਈ ਪਿੱਟ ਬਣਾਏ ਜਾ ਰਹੇ ਹਨ। ਇਸੇ ਤਰਾਂ ਤਰਲ ਕਚਰਾ ਪ੍ਰਬੰਧਨ ਲਈ ਵੀ ਜਿਲ਼੍ਹੇ ਦੇ 57 ਪਿੰਡਾਂ ਲਈ 6.49 ਕਰੋੜ ਰੁਪਏ ਸਰਕਾਰ ਨੇ ਦਿੱਤੇ ਹਨ। ਇਸੇ ਤਰਾਂ ਪਿੰਡਾਂ ਵਿਚ ਪਲਾਸਟਿਕ ਕਚਰੇ ਦੀ ਸੰਭਾਲ ਲਈ ਤਿੰਨ ਬਲਾਕ ਪੱਧਰੀ ਯੁਨਿਟ ਬਣ ਰਹੇ ਹਨ ਜਿਸ ਵਿਚੋਂ ਜਲਾਲਾਬਾਦ ਅਤੇ ਅਬੋਹਰ ਬਲਾਕ ਦਾ ਯੁਨਿਟ ਬਣ ਗਿਆ ਹੈ। ਇਸ ਹਰੇਕ ਦੇ ਨਿਰਮਾਣ ਤੇ ਸਰਕਾਰ 13.65 ਲੱਖ ਰੁਪਏ ਖਰਚ ਕਰ ਰਹੀ ਹੈ। ਇਸੇ ਤਰਾਂ 500 ਤੋਂ ਘੱਟ ਆਬਾਦੀ ਵਾਲੇ ਪਿੰਡਾਂ ਵਿਚ ਗੰਦੇ ਪਾਣੀ ਦੇ ਨਿਪਟਾਰੇ ਲਈ ਸੋਕ ਪਿੱਟ ਬਣਾਉਣ ਦੇ ਪ੍ਰੋਜੈਕਟ ਤਿਆਰ ਕਰਨ ਸਬੰਧੀ ਵੀ ਬੈਠਕ ਵਿਚ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 162 ਠੋਸ ਕੂੜਾ ਪ੍ਰਬੰਧਨ ਪ੍ਰਾਜੈਕਟ ਰੂਰਲ ਵਿਭਾਗ ਵੱਲੋਂ ਬਣਾਏ ਜਾ ਚੁੱਕੇ ਹਨ ਉਹ ਮੋਟੀਵੇਟਰਾਂ ਨੂੰ ਉਨ੍ਹਾਂ ਨੂੰ ਚਲਾਉਣ ਲਈ ਕਿਹਾ ਗਿਆ ਤਾਂ ਜੋ ਕੂੜੇ ਦਾ ਸਹੀ ਤਰੀਕੇ ਨਾਲ ਨਿਪਟਾਰਾ ਹੋ ਸਕੇ।
ਜਲ ਸਪਲਾਈ ਸਕੀਮਾਂ ਅਧੀਨ ਜੋ ਪਿੰਡਾਂ ਵਿੱਚ ਵਾਟਰ ਵਰਕਸ ਹਨ, ਇਨ੍ਹਾਂ ਦੇ ਆਪ੍ਰੇਸ਼ਨ ਤੇ ਮੈਨਟੇਨਸ ਲਈ ਜੀ.ਪੀ.ਡਬਲਯੂ. ਐੱਸ.ਸੀ ਦੀਆਂ ਸਕੀਮਾਂ ਨੂੰ ਸਫਲ ਚਲਾਉਣ ਲਈ ਪਿੰਡਾਂ ਵਿੱਚ ਰੈਵਿਨਿਊ ਕਲੈਕਟਰ ਲਗਾਏ ਗਏ ਤਾਂ ਜੋ ਗ੍ਰਾਮ ਪੰਚਾਇਤਾਂ ਦੀਆਂ ਸਕੀਮਾਂ ਸਫਲ ਤਰੀਕੇ ਨਾਲ ਚੱਲ ਸਕਣ।
ਬੈਠਕ ਵਿਚ ਐਸਡੀਓ ਮਨੀਸ਼ ਕੁਮਾਰ, ਅਭੀਜੀਤ ਰੰਧਾਵਾ ਐੱਸ.ਡੀ.ਓ, ਆਈ.ਈ.ਸੀ ਮੈਡਮ ਪੂਨਮ, ਉਪ ਮੰਡਲ ਅਧੀਨ ਆਉਂਦੇ ਸਮੂਹ ਜੇ.ਈ ਅਤੇ ਸਮੂਹ ਬੀ.ਆਰ.ਸੀ ਹਾਜ਼ਰ ਸਨ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਫਾਜ਼ਿਲਕਾ ਵੱਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਤੇ ਜਲ ਸਪਲਾਈ ਸਕੀਮਾਂ ਦੇ ਕੰਮਾਂ ਦੀ ਕੀਤੀ ਗਈ ਸਮੀਖਿਆ ਬੈਠਕ

