ਯੁੱਧ ਨਸ਼ਿਆਂ ਵਿਰੁੱਧ: ਜ਼ਿਲ੍ਹਾ ਸੰਗਰੂਰ ਵਿਖੇ ਹੁਣ ਤਕ 783 ਕੇਸ ਦਰਜ; 1170 ਮੁਲਜ਼ਮ ਗ੍ਰਿਫਤਾਰ

ਸੁਨਾਮ, 12 ਦਸੰਬਰ

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਜੰਗੀ ਪੱਧਰ ‘ਤੇ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਮੁਤਾਬਕ ਐੱਸ.ਪੀ. (ਪੀ.ਆਈ.ਬੀ.) ਸ. ਨਵਰੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਪ੍ਰਸ਼ਾਸਨ ਵੱਲੋਂ ਇੰਦਰਾ ਬਸਤੀ ਸੁਨਾਮ ਵਿਖੇ ਨਸ਼ਾ ਤਸਕਰਾਂ ਵੱਲੋਂ ਉਸਾਰੇ ਨਾਜਾਇਜ਼ ਮਕਾਨ, ਜਿਸ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਰਾਰ ਦਿੱਤਾ ਗਿਆ ਸੀ, ਨੂੰ ਢਾਹਿਆ ਗਿਆ, ਜਿਹੜੀ ਕਿ 32ਵੀਂ ਅਜਿਹੀ ਨਾਜਾਇਜ਼ ਉਸਾਰੀ ਹੈ, ਜਿਹੜੀ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਬਣੀ ਸੀ ਤੇ ਜਿਸ ਸਬੰਧੀ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ।

ਇਸ ਮੌਕੇ ਸ. ਵਿਰਕ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ ਹੁਣ ਤਕ 783 ਕੇਸ ਦਰਜ ਕਰ ਕੇ 1170 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ ਤੇ ਦਰਜ ਕੇਸਾਂ ਵਿੱਚੋਂ 43 ਕੇਸ ਤੇ 82 ਮੁਲਜ਼ਮ ਨਸ਼ੇ ਦੀ ਵਪਾਰਕ ਮਿਕਦਾਰ ਨਾਲ ਸਬੰਧਤ ਹਨ। ਇਸੇ ਲੜੀ ਤਹਿਤ
ਕਰੀਬ 03 ਕਰੋੜ 63 ਲੱਖ ਦੀਆਂ 09 ਜਾਇਦਾਦਾਂ ਜ਼ਬਤ ਵੀ ਕੀਤੀਆਂ ਗਈਆਂ ਹਨ।

ਇੰਦਰਾ ਬਸਤੀ, ਸੁਨਾਮ ਵਿਖੇ ਨਸ਼ਾ ਤਸਕਰਾਂ ਵੱਲੋਂ ਉਸਾਰੇ ਜਿਹੜੇ ਨਾਜਾਇਜ਼ ਮਕਾਨ ਨੂੰ ਢਾਹਿਆ ਗਿਆ ਹੈ, ਉਸ ਪਰਿਵਾਰ ਦੇ 03 ਮੈਬਰਾਂ ਖਿਲਾਫ
16 ਕੇਸ ਦਰਜ ਹਨ। ਮੁਲਜ਼ਮ ਕੁਲਬੀਰ ਸਿੰਘ ਖਿਲਾਫ ਐਨ.ਡੀ.ਪੀ.ਐੱਸ. ਐਕਟ ਦੇ 03 ਕੇਸ, ਉਸ ਦੇ ਪਿਤਾ ਦੁੱਲਾ ਸਿੰਘ ਖਿਲਾਫ ਵੀ ਐਨ.ਡੀ.ਪੀ.ਐੱਸ. ਐਕਟ ਦੇ 03 ਕੇਸ ਅਤੇ ਕੁਲਬੀਰ ਸਿੰਘ ਦੀ ਪਤਨੀ ਬਲਜਿੰਦਰ ਕੌਰ ਖਿਲਾਫ ਐਨ.ਡੀ.ਪੀ.ਐੱਸ. ਐਕਟ ਦੇ 07 ਅਤੇ ਆਬਕਾਰੀ ਐਕਟ ਦੇ 03 ਕੇਸ ਦਰਜ ਹਨ।

ਐੱਸ.ਪੀ. ਵਿਰਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਨੌਜਵਾਨ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ, ਉਹ ਅੱਗੇ ਆਉਣ ਪੰਜਾਬ ਸਰਕਾਰ ਉਹਨਾਂ ਦੀ ਹਰ ਹਾਲ ਮਦਦ ਕਰ ਰਹੀ ਹੈ। ਇਸ ਸਬੰਧੀ ਜ਼ਿਲ੍ਹੇ ਦੇ ਵਿੱਚ ਸਰਕਾਰੀ ਨਸ਼ਾ ਛੁੜਾਊ ਤੇ ਮੁੜਵਸੇਵਾ ਕੇਂਦਰ ਕਾਰਰਸ਼ੀਲ ਹਨ।

ਐੱਸ.ਪੀ. ਨੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ। ਨਸ਼ਾ ਤਸਕਰਾਂ ਨੇ ਸੂਬੇ ਦੀ ਜਵਾਨੀ ਨੂੰ ਕੁਰਾਹੇ ਪਾਇਆ ਹੈ ਅਤੇ ਪੰਜਾਬ ਸਰਕਾਰ ਜਵਾਨੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਉਨ੍ਹਾਂ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

ਇਸ ਮੌਕੇ ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜ਼ਰ ਸਨ।

Leave a Reply

Your email address will not be published. Required fields are marked *