ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਸਕੂਲ ਪ੍ਰਿੰਸੀਪਲਾਂ ਲਈ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਆਯੋਜਿਤ

ਫਰੀਦਕੋਟ, 9 ਜਨਵਰੀ 2026:

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ “ਯੁੱਧ ਨਸ਼ੇ ਵਿਰੁੱਧ” ਮੁਹਿੰਮ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਏਮਸ ਮੋਹਾਲੀ ਦੇ ਸਹਿਯੋਗ ਨਾਲ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਨੀਲਮ ਰਾਣੀ ਦੀ ਅਗਵਾਈ ਹੇਠ ਫਰੀਦਕੋਟ ਜ਼ਿਲ੍ਹੇ ਵਿੱਚ ਸਕੂਲ ਪ੍ਰਿੰਸੀਪਲਾਂ ਲਈ ਸਮਰੱਥਾ ਵਧਾਉਣ ਵਾਲੀ 3 ਦਿਨਾਂ ਟ੍ਰੇਨਿੰਗ ਵਰਕਸ਼ਾਪ ਸਥਾਨਕ ਡਾਈਟ ਵਿਖੇ ਆਯੋਜਤਿ ਕੀਤੀ ਗਈ।

ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ 92 ਪ੍ਰਿੰਸੀਪਲਾਂ ਨੇ ਭਾਗ ਲਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਸਕੂਲ ਲੀਡਰਸ਼ਿਪ ਨੂੰ ਵਿਦਿਆਰਥੀਆਂ ਵਿੱਚ ਨਸ਼ਿਆਂ ਅਤੇ ਮਾਨਸਿਕ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦੇ ਸ਼ੁਰੂਆਤੀ ਲੱਛਣਾਂ ਦੀ ਸਮੇਂ ਸਿਰ ਪਛਾਣ ਕਰਨ ਅਤੇ ਸਕੂਲਾਂ ਵਿੱਚ ਸਹਾਇਕ, ਸੁਰੱਖਿਅਤ ਤੇ ਬਿਨਾਂ ਭੇਦਭਾਵ ਵਾਲਾ ਮਾਹੌਲ ਤਿਆਰ ਕਰਨ ਲਈ ਯੋਗ ਬਣਾਉਣਾ ਹੈ।

ਇਸ ਮੌਕੇ ਸ੍ਰੀ ਦੁਰਗੇਸ਼ ਓਜਾ ਸੀਨੀਅਰ ਪ੍ਰੋਗਰਾਮ ਐਸੋਸੀਏਟ ਅਤੇ ਹਰਮਨਪ੍ਰੀਤ ਕੌਰ ਕਾਊਂਸਲਿੰਗ ਸਾਈਕਾਲੋਜਿਸਟ ਵੱਲੋਂ ਵਰਕਸ਼ਾਪ ਦੌਰਾਨ ਦੱਸਿਆ ਗਿਆ ਕਿ ਅਧਿਐਨਾਂ ਅਨੁਸਾਰ ਮਾਨਸਿਕ ਸਿਹਤ ਨਾਲ ਜੁੜੀਆਂ ਲਗਭਗ ਅੱਧੀਆਂ ਸਮੱਸਿਆਵਾਂ 14 ਸਾਲ ਦੀ ਉਮਰ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸ ਸੰਦਰਭ ਵਿੱਚ ਸਕੂਲ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਮਜ਼ਬੂਤ ਬਣਾਉਣ ਲਈ ਪਹਿਲੀ ਅਤੇ ਸਭ ਤੋਂ ਅਹੰਕਾਰਪੂਰਕ ਭੂਮਿਕਾ ਨਿਭਾ ਸਕਦੇ ਹਨ।

ਟ੍ਰੇਨਿੰਗ ਦੌਰਾਨ ਪ੍ਰਿੰਸੀਪਲਾਂ ਨੂੰ ਵਿਦਿਆਰਥੀਆਂ ਦੇ ਵਿਹਾਰ ਵਿੱਚ ਆ ਰਹੇ ਤਣਾਅ, ਇਕਾਂਤਵਾਦ ਅਤੇ ਹੋਰ ਅਸਧਾਰਣ ਬਦਲਾਅ ਪਛਾਣਣ ਦੇ ਤਰੀਕੇ ਸਮਝਾਏ ਗਏ, ਤਾਂ ਜੋ ਸਮੇਂ ਸਿਰ ਦਖ਼ਲ ਦੇ ਕੇ ਉਨ੍ਹਾਂ ਨੂੰ ਢੁਕਵੀਂ ਸਹਾਇਤਾ ਅਤੇ ਮਾਰਗਦਰਸ਼ਨ ਦਿੱਤਾ ਜਾ ਸਕੇ।

ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਨੀਲਮ ਰਾਣੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਰਾਹੀਂ ਫਰੀਦਕੋਟ ਜ਼ਿਲ੍ਹੇ ਦੇ ਸਕੂਲ ਨਸ਼ਿਆਂ ਦੇ ਖ਼ਿਲਾਫ਼ ਇੱਕ ਮਜ਼ਬੂਤ ਪਹਿਲੀ ਰੱਖਿਆ ਰੇਖਾ ਬਣਨਗੇ ਅਤੇ ਵਿਦਿਆਰਥੀਆਂ ਨੂੰ ਨਸ਼ਾ ਮੁਕਤ, ਤੰਦਰੁਸਤ ਅਤੇ ਸੁਨਿਹਰੇ ਭਵਿੱਖ ਵੱਲ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ। ਇਸ ਮੌਕੇ ਪ੍ਰਿ. ਡਾਈਟ ਭੁਪਿੰਦਰ ਸਿੰਘ ਬਰਾੜ ਨੇ ਵੀ ਇਸ ਮੌਕੇ ਆਪਣੇ ਨਿੱਜੀ ਤਜਰਬੇ ਸਾਰਿਆਂ ਨਾਲ ਸਾਂਝੇ ਕੀਤੇ।

ਇਸ ਮੌਕੇ ਪ੍ਰਿ. ਪੰਨਾ ਲਾਲ, ਪ੍ਰਿ. ਦੀਪਕ ਸਿੰਘ, ਸ੍ਰੀ ਜਸਬੀਰ ਜੱਸੀ ਜਿਲ੍ਹਾ ਨੋਡਲ ਅਫਸਰ ਯੁੱਧ ਨਸ਼ਿਆਂ ਵਿਰੁੱਧ, ਸੁਰਿੰਦਰਪਾਲ ਸਿੰਘ ਸੋਨੀ ਪੰਜਾਬੀ ਮਾਸਟਰ ਚਹਿਲ, ਹਰਮਿੰਦਰ ਸਿੰਘ ਸੋਢੀ ਪੰਜਾਬੀ ਮਾਸਟਰ ਭੋਲੂਵਾਲਾ ਹਾਜ਼ਰ ਸਨ।

Leave a Reply

Your email address will not be published. Required fields are marked *