ਫਰੀਦਕੋਟ, 11 ਅਪ੍ਰੈਲ 2026
ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਆਉਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟਰ ਸੂਚੀਆਂ ਦੀ ਸੋਧ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ਇਹ ਜਾਣਕਾਰੀ ਡਿਪਟੀ ਕਮਿਸ਼ਨਰ–ਕਮ-ਜ਼ਿਲ੍ਹਾ ਚੋਣ ਅਫਸਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਦਿੱਤੀ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਦੀਆਂ ਤਿੰਨ ਨਗਰ ਕੌਂਸਲਾਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿੱਚ ਭਾਰਤ ਚੋਣ ਕਮਿਸ਼ਨ ਕੋਲ ਉਪਲਬਧ ਤਾਜ਼ਾ ਵੋਟਰ ਸੂਚੀਆਂ ਦੇ ਆਧਾਰ ‘ਤੇ ਅਤੇ ਲੋਕਲ ਗਵਰਨਮੈਂਟ ਵਿਭਾਗ ਵੱਲੋਂ ਅੰਤਿਮ ਕੀਤੀ ਗਈ ਹੱਦਬੰਦੀ ਨੂੰ ਧਿਆਨ ਵਿੱਚ ਰੱਖਦਿਆਂ ਨਵੀਆਂ ਸੂਚੀਆਂ ਤਿਆਰ ਕੀਤੀਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਨਗਰ ਕੌਸਲ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਨਾਮ ਅਤੇ ਵੇਰਵੇ ਦੀ ਪੁਸ਼ਟੀ 15 ਅਪ੍ਰੈਲ 2026 ਨੂੰ ਜ਼ਿਲ੍ਹੇ ਦੀ ਵੈੱਬਸਾਈਟ ‘ਤੇ ਜਾਰੀ ਹੋਣ ਵਾਲੀ ਡਰਾਫਟ ਵੋਟਰ ਸੂਚੀ ਵਿੱਚ ਕਰ ਲੈਣ । ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਲਈ ਕਾਨੂੰਨੀ ਤੌਰ ‘ਤੇ 07 ਦਿਨਾਂ ਦੀ ਮਿਆਦ ਨਿਰਧਾਰਤ ਕੀਤੀ ਗਈ ਹੈ, ਜੋ ਕਿ 17 ਅਪ੍ਰੈਲ 2026 ਤੋਂ 23 ਅਪ੍ਰੈਲ 2026 (ਦੋਵੇਂ ਦਿਨ ਸਮੇਤ) ਤੱਕ ਰਹੇਗੀ।
ਵੋਟਰ ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਲਈ 20 ਅਪ੍ਰੈਲ ਅਤੇ 21 ਅਪ੍ਰੈਲ 2026 ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 30 ਅਪ੍ਰੈਲ 2026 ਤੱਕ ਕਰ ਦਿੱਤਾ ਜਾਵੇਗਾ, ਜਦਕਿ ਅੰਤਿਮ ਵੋਟਰ ਸੂਚੀ 05 ਮਈ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਇਹ ਜ਼ਿਲ੍ਹੇ ਦੀ ਵੈੱਬਸਾਈਟ ‘ਤੇ ਵੀ ਉਪਲਬਧ ਹੋਵੇਗੀ।
ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਯੋਗਤਾ ਮਿਤੀ 23 ਅਪ੍ਰੈਲ 2026 ਨਿਰਧਾਰਤ ਕੀਤੀ ਗਈ ਹੈ। ਇਸ ਤਾਰੀਖ ਤੱਕ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਹਰ ਵਿਅਕਤੀ ਵੋਟਰ ਵਜੋਂ ਦਰਜ ਹੋਣ ਲਈ ਯੋਗ ਹੋਵੇਗਾ। ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਲਈ ਫਾਰਮ ( ਫਾਰਮ-7,8 ਅਤੇ 9) ਸਬੰਧਿਤ ਐਸ.ਡੀ.ਐਮ.-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਵਿੱਚ ਉਪਲਬੱਧ ਹੋਣਗੇ
ਜ਼ਿਲ੍ਹੇ ਦੀਆਂ ਨਗਰ ਕੌਸਲਾਂ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਸੋਧ ਪ੍ਰਕਿਰਿਆ 17 ਅਪ੍ਰੈਲ ਤੋਂ 23 ਅਪ੍ਰੈਲ ਤੱਕ ਕਰਵਾਈ ਜਾਵੇਗੀ — ਜ਼ਿਲ੍ਹਾ ਚੋਣ ਅਫਸਰ

