ਚਾਈਲਡ ਹੈਲਪਲਾਈਨ 1098 ‘ਤੇ ਪ੍ਰਾਪਤ ਸ਼ਿਕਾਇਤ ਦੇ ਅਧਾਰ ‘ਤੇ ਕੀਤੀ ਵਿਸ਼ੇਸ਼ ਚੈਕਿੰਗ

ਮਾਲੇਰਕੋਟਲਾ, 18 ਜਨਵਰੀ-
           ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਪ੍ਰਾਪਤ ਸ਼ਿਕਾਇਤ ਦੇ ਅਨੁਸਾਰ ਜਾਮਾ ਮਸਜਿਦ ਨੇੜੇ ਭੀਖ ਮੰਗਦੇ ਬੱਚਿਆਂ ਦੀ ਜਾਣਕਾਰੀ ਮਿਲਣ ਉਪਰੰਤ ਜਿਲਾ ਬਾਲ ਸੁਰੱਖਿਆ ਅਫਸਰ ਹਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾ ਹੇਠ ਬੱਚਿਆਂ ਦੀ ਸੁਰੱਖਿਆ ਅਤੇ ਬਾਲ ਭਿੱਖਿਆ ਦੀ ਰੋਕਥਾਮ ਲਈ ਚਲਾਏ ਜਾ ਰਹੇ ਪ੍ਰੋਜੈਕਟ ਜੀਵਨਜੋਤ 2.0 ਤਹਿਤ ਵਿਸ਼ੇਸ਼ ਚੈਕਿੰਗ ਕੀਤੀ ਗਈ।
         ਬਾਲ ਸੁਰੱਖਿਆ ਅਫਸਰ ਮੁਬੀਨ ਕੁਰੇਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਹਾ ਬਜ਼ਾਰ ਨੇੜੇ ਜਾਮਾ ਮਸਜਿਦ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਟੀਮ ਵੱਲੋਂ ਗਹਿਰਾਈ ਨਾਲ ਜਾਂਚ ਕੀਤੀ ਗਈ। ਚੈਕਿੰਗ ਦਾ ਮੁੱਖ ਉਦੇਸ਼ ਜਨਤਕ ਥਾਵਾਂ ‘ਤੇ ਬਾਲ ਭਿੱਖਿਆ ਦੀ ਸਥਿਤੀ ਦੀ ਜਾਂਚ ਕਰਨਾ ਅਤੇ ਬੱਚਿਆਂ ਨੂੰ ਭੀਖ ਮੰਗਣ ਵਰਗੀ ਸਮੱਸਿਆ ਤੋਂ ਬਚਾਉਣਾ ਸੀ।
             ਇਸ ਚੈਕਿੰਗ ਦੌਰਾਨ ਲੋਹਾ ਬਜ਼ਾਰ, ਜਾਮਾ ਮਸਜਿਦ ਦੇ ਮੁੱਖ ਦਰਵਾਜ਼ਿਆਂ ਅਤੇ ਨੇੜਲੇ ਇਲਾਕਿਆਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ ਮੌਕੇ ‘ਤੇ ਮੌਜੂਦ ਦੁਕਾਨਦਾਰਾਂ, ਰਾਹਗੀਰਾਂ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਬਾਲ ਭਿਖਿਆ ਦੇ ਕਾਨੂੰਨੀ ਨੁਕਸਾਨਾਂ ਅਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇ ਕਿਤੇ ਵੀ ਬਾਲ ਭਿੱਖਿਆ ਨਾਲ ਸੰਬੰਧਿਤ ਕੋਈ ਮਾਮਲਾ ਨਜ਼ਰ ਆਵੇ ਤਾਂ ਤੁਰੰਤ ਸਬੰਧਤ ਵਿਭਾਗ ਜਾਂ ਚਾਈਲਡ ਹੈਲਪਲਾਈਨ 1098 ‘ਤੇ ਸੂਚਿਤ ਕੀਤਾ ਜਾਵੇ।
             ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗਾਂ ਅਤੇ ਜਾਗਰੂਕਤਾ ਅਭਿਆਨ ਲਗਾਤਾਰ ਜਾਰੀ ਰਹਿਣਗੇ, ਤਾਂ ਜੋ ਬੱਚਿਆਂ ਨੂੰ ਸੁਰੱਖਿਅਤ, ਸਿੱਖਿਆਯੋਗ ਅਤੇ ਸੁਨਹਿਰਾ ਭਵਿੱਖ ਪ੍ਰਦਾਨ ਕੀਤਾ ਜਾ ਸਕੇ।
            ਇਸ ਮੌਕੇ ‘ਤੇ ਪੁਲਿਸ ਵਿਭਾਗ ਤੋਂ ਬਲਵੀਰ ਸਿੰਘ, ਕੋਂਸਲਰ ਰਵਿੰਦਰ ਕੌਰ , ਸੂਪਰਵਾਈਜ਼ਰ ਰਜਨੀ ਰਾਣੀ, ਕੇਸ ਵਰਕਰ ਚਾਈਲਡ ਲਾਈਨ ਇਮਤਿਹਾਜ, ਮੀਡੀਆ ਸਹਾਇਕ ਪਰਗਟ ਸਿੰਘ ਸਮੇਤ ਬਾਲ ਸੁਰੱਖਿਆ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *