ਸਪੀਕਰ ਨੇ ਮਿਲਾਵਟਖੋਰੀ ਛੱਡਣ ਲਈ ਕੀਤੀ ਅਪੀਲ,ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ

ਚੰਡੀਗੜ੍ਹ, 16 ਜਨਵਰੀ :

ਪੰਜਾਬ ਵਿੱਚ ਮਿਲਾਵਟਖੋਰੀ ਦੇ ਖ਼ਤਰੇ ਨੂੰ ਜੜ੍ਹੋਂ ਖ਼ਤਮ ਕਰਨ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਸੀਂ ਸਕੂਲਾਂ ਵਿੱਚ ਸੈਮੀਨਾਰਾਂ ਅਤੇ ਸਮਾਗਮਾਂ ਰਾਹੀਂ ਘਟੀਆ ਜਾਂ ਮਿਲਾਵਟੀ ਦੁੱਧ, ਪਨੀਰ, ਘਿਓ ਅਤੇ ਹੋਰ ਦੁੱਧ ਉਤਪਾਦਾਂ ਦੀ ਗੁਣਵੱਤਾ ਜਾਂਚ ਕਰਨ ਸਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਹ ਮੁਹਿੰਮ ਜ਼ਿਲ੍ਹਾ ਫਰੀਦਕੋਟ ਦੇ ਕੋਟਕਪੂਰਾ ਤੋਂ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਵੀ ਮਿਲਾਵਟੀ ਉਤਪਾਦਾਂ ਦੀ ਜਾਂਚ ਦਾ ਤਰੀਕਾ ਦੇਖਣ ਅਤੇ ਸਿੱਖਣ ਲਈ ਸੱਦਾ ਦਿੱਤਾ ਜਾਵੇਗਾ ਤਾਂ ਜੋ ਉਹ ਆਪਣੇ ਪੱਧਰ ’ਤੇ ਅਜਿਹੇ ਗ਼ੈਰ-ਮਿਆਰੀ ਖਾਧ-ਪਦਾਰਥਾਂ ਦੀ ਗੁਣਵੱਤਾ ਜਾਂਚ-ਪਰਖ  ਸਕਣ। ਉਹ ਇਸ ਮੁਹਿੰਮ ਵਿੱਚ ਪੰਜਾਬੀਆਂ ਦਾ ਸਹਿਯੋਗ ਚਾਹੁੰਦੇ ਹਨ ਤਾਂ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੀ ਚੰਗੀ ਸਿਹਤ ਬਣਾਈ ਰੱਖਣ ਵਿੱਚ ਮਦਦ ਕੀਤੀ ਜਾ ਸਕੇ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮਿਲਾਵਟਖੋਰੀ ਦੇ ਖ਼ਤਰੇ ਨੂੰ ਖਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਸਾਡੀ ਸਰਕਾਰ ਦਾ ਇਰਾਦਾ ਬਿਲਕੁਲ ਸਪੱਸ਼ਟ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਅਤੇ ਚੰਗੀ ਸਿਹਤ ਦੇਣਾ ਚਾਹੁੰਦੇ ਹਾਂ। ਉਨ੍ਹਾਂ ਨੇ ਮਿਲਾਵਟਖੋਰੀ ਪੰਜਾਬ ਦੇ ਲੋਕਾਂ ਲਈ ਇੱਕ ਗੰਭੀਰ ਖ਼ਤਰਾ ਦੱਸਿਆ। ਸਪੀਕਰ ਨੇ ਆਸ ਪ੍ਰਗਟਾਈ ਕਿ ਅਸੀਂ ਆਪਣੇ ਪੰਜਾਬ ਨੂੰ ਸਿਹਤਮੰਦ ਅਤੇ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਿਲਾਵਟਖੋਰੀ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਰੀਬੀਆਂ ਜਾਂ ਸਾਕ-ਸਬੰਧੀਆਂ ਤੱਕ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *