ਮਜ਼ਦੂਰ ਸੁਲੱਖਣ ਸਿੰਘ ਲਈ ਸੰਜੀਵਨੀ ਬਣਿਆ ਹੈਲਥ ਕਾਰਡ, ਬਿਨਾਂ ਇੱਕ ਰੁਪਿਆ ਖ਼ਰਚ ਕੀਤੇ ਹੋਇਆ 3 ਲੱਖ ਰੁਪਏ ਦਾ ਇਲਾਜ: ਧਾਲੀਵਾਲ

ਅੰਮ੍ਰਿਤਸਰ, 7 ਫਰਵਰੀ 2026

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਜਨਤਾ ਨਾਲ ਕੀਤੇ ਗਏ ਵਾਅਦੇ ਜ਼ਮੀਨੀ ਪੱਧਰ ‘ਤੇ ਸੱਚ ਹੁੰਦੇ ਦਿਖਾਈ ਦੇ ਰਹੇ ਹਨ। ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਹੁਣ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਹੋ ਚੁੱਕੀ ਹੈ।

ਸ਼ਨੀਵਾਰ ਨੂੰ ‘ਆਪ’ ਆਗੂ ਪ੍ਰਭਬੀਰ ਸਿੰਘ ਬਰਾੜ ਅਤੇ ਗੁਰਪ੍ਰਤਾਪ ਸਿੰਘ ਸੰਧੂ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਦੇ ਲਗਭਗ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੇ ਕੈਸ਼ਲੇਸ ਇਲਾਜ ਦੀ ਸਹੂਲਤ ਯਕੀਨੀ ਬਣਾਈ ਗਈ ਹੈ, ਜੋ ਵਿਸ਼ੇਸ਼ ਤੌਰ ‘ਤੇ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।

ਯੋਜਨਾ ਦੀ ਸਫ਼ਲਤਾ ਦਾ ਜਿਉਂਦਾ-ਜਾਗਦਾ ਸਬੂਤ ਦਿੰਦਿਆਂ ਧਾਲੀਵਾਲ ਨੇ ਗੁਰਦਾਸਪੁਰ ਦੇ ਪਿੰਡ ਗੁਰਦਾਸਨੰਗਲ ਨਿਵਾਸੀ ਸੁਲੱਖਣ ਸਿੰਘ ਦੀ ਮਿਸਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਦਿਹਾੜੀ ਮਜ਼ਦੂਰੀ ਕਰਨ ਵਾਲੇ ਸੁਲੱਖਣ ਸਿੰਘ ਅਚਾਨਕ ਦਿਲ ਦੀ ਗੰਭੀਰ ਬਿਮਾਰੀ ਦੀ ਲਪੇਟ ਵਿੱਚ ਆ ਗਏ ਸਨ, ਜਿਸ ਦੇ ਇਲਾਜ ਦਾ ਖ਼ਰਚਾ ਡਾਕਟਰਾਂ ਨੇ ਕਰੀਬ 3 ਲੱਖ ਰੁਪਏ ਦੱਸਿਆ ਸੀ।

ਆਰਥਿਕ ਤੰਗੀ ਕਾਰਨ ਪਰਿਵਾਰ ਲਈ ਇਹ ਖ਼ਰਚਾ ਚੁੱਕਣਾ ਅਸੰਭਵ ਸੀ, ਪਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮਹਿਜ਼ ਇੱਕ ਦਿਨ ਵਿੱਚ ਉਨ੍ਹਾਂ ਦਾ ਹੈਲਥ ਕਾਰਡ ਤਿਆਰ ਕੀਤਾ ਗਿਆ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਬਿਨਾਂ ਇੱਕ ਵੀ ਪੈਸਾ ਖ਼ਰਚ ਕੀਤੇ ਉਨ੍ਹਾਂ ਦੇ ਦਿਲ ਦਾ ਸਫ਼ਲ ਆਪ੍ਰੇਸ਼ਨ ਹੋਇਆ ਅਤੇ ਸਟੈਂਟ ਪਾਏ ਗਏ। ਧਾਲੀਵਾਲ ਨੇ ਕਿਹਾ ਕਿ ਸੁਲੱਖਣ ਸਿੰਘ ਦਾ ਸਿਹਤਮੰਦ ਹੋ ਕੇ ਘਰ ਪਰਤਣਾ ਉਨ੍ਹਾਂ ਵਿਰੋਧੀਆਂ ਨੂੰ ਕਰਾਰਾ ਜਵਾਬ ਹੈ ਜੋ ਸਰਕਾਰ ਦੀਆਂ ਨੀਤੀਆਂ ਨੂੰ ਸਿਰਫ਼ ‘ਜੁਮਲੇਬਾਜ਼ੀ’ ਕਰਾਰ ਦਿੰਦੇ ਹਨ।

ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਸਿੱਖਿਆ ਅਤੇ ਸਿਹਤ ਦੇ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਦੋਵਾਂ ਖੇਤਰਾਂ ਵਿੱਚ ਨਿਵੇਸ਼ ਕਰਕੇ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਮਜ਼ਬੂਤ ਅਤੇ ਸੁਰੱਖਿਅਤ ਭਵਿੱਖ ਤਿਆਰ ਕਰ ਰਹੀ ਹੈ। ਪਿਛਲੀਆਂ ਸਰਕਾਰਾਂ ਦੌਰਾਨ ਗਰੀਬ ਵਰਗ ਮਹਿੰਗੇ ਇਲਾਜ ਕਾਰਨ ਜਾਂ ਤਾਂ ਕਰਜ਼ੇ ਵਿੱਚ ਡੁੱਬ ਜਾਂਦਾ ਸੀ ਜਾਂ ਇਲਾਜ ਦੀ ਘਾਟ ਕਾਰਨ ਦਮ ਤੋੜ ਦਿੰਦਾ ਸੀ, ਪਰ ਮਾਨ ਸਰਕਾਰ ਨੇ ਸਿਹਤ ਨੂੰ ਹਰ ਨਾਗਰਿਕ ਦਾ ਬੁਨਿਆਦੀ ਅਧਿਕਾਰ ਬਣਾਇਆ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਹਸਪਤਾਲਾਂ ਦੀ ਨਿਯਮਤ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ ਅਤੇ ਕੋਈ ਵੀ ਹਸਪਤਾਲ ਕਾਰਡ ਧਾਰਕ ਤੋਂ ਵਾਧੂ ਰਾਸ਼ੀ ਦੀ ਮੰਗ ਨਾ ਕਰ ਸਕੇ।

‘ਆਪ’ ਆਗੂ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਨ੍ਹਾਂ ਨੇ ਦਹਾਕਿਆਂ ਤੱਕ ਸੱਤਾ ਵਿੱਚ ਰਹਿ ਕੇ ਇਨ੍ਹਾਂ ਬੁਨਿਆਦੀ ਸਹੂਲਤਾਂ ਨੂੰ ਨਜ਼ਰਅੰਦਾਜ਼ ਕੀਤਾ, ਉਨ੍ਹਾਂ ਨੂੰ ਅੱਜ ਇਹ ਬਦਲਾਅ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਆਪਣਾ ਹੈਲਥ ਕਾਰਡ ਬਣਵਾਉਣ ਅਤੇ ਇਸ ਲੋਕ ਭਲਾਈ ਸਕੀਮ ਦਾ ਪੂਰਾ ਲਾਭ ਉਠਾਉਣ।

Leave a Reply

Your email address will not be published. Required fields are marked *