ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ, 15 ਫਰਵਰੀ (            ) – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਅੱਜ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ੍ਰੀ ਗੁਰੁ ਰਾਮਦਾਸ ਸਾਹਿਬ ਜੀ ਦੇ ਦਰ ਉੱਪਰ ਨਤਮਸਤਕ ਹੋਣ ਤੋਂ ਬਾਅਦ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਗੁਰੁ ਸਾਹਿਬ ਦਾ ਕੋਟਿਨ-ਕੋਟਿ ਸ਼ੁਕਰਾਨਾਂ ਕਰਦੇ ਹਨ ਜਿਨ੍ਹਾਂ ਦੀ ਮਿਹਰ ਸਦਕਾ ਉਨ੍ਹਾਂ ਨੂੰ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸੂਚਨਾ ਕੇਂਦਰ ਵਿਖੇ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ. ਲੋਪੋਕੇ ਸ੍ਰੀ ਖੁਸ਼ਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੂਚਨਾ ਕੇਂਦਰ ਦੇ ਨਜ਼ਦੀਕ ਪੱਤਰਕਾਰਾਂ ਨਾਲ ਗੱਲ ਕਰਦਿਆਂ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਅਤੇ ਸਰਬ ਸਾਂਝੀਵਾਲਤਾ ਦਾ ਜੋ ਉਪਦੇਸ਼ ਦਿੱਤਾ ਗਿਆ ਹੈ ਉਸ ਨੂੰ ਆਪਣੇ ਅਮਲੀ ਜੀਵਨ ਵਿੱਚ ਵੀ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਅਜੇ ਵੀ ਜਾਤ-ਪਾਤ ਨੂੰ ਲੈ ਕੇ ਕੁਝ ਵਿਤਕਰਾ ਦੇਖਣ ਨੂੰ ਮਿਲਦਾ ਹੈ ਜੋ ਕਿ ਗੁਰੂ ਸਾਹਿਬਾਨ ਦੇ ਸਿਧਾਂਤ ਦੇ ਬਿਲਕੁੱਲ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਵਜੋਂ ਸੇਵਾ ਨਿਭਾਉਂਦਿਆਂ ਉਹ ਸਮਾਜ ਵਿੱਚ ਹੋ ਰਹੇ ਇਸ ਵਿਤਕਰੇ ਨੂੰ ਵੀ ਹੋਰ ਵੀ ਨੇੜੇ ਤੋਂ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਵਿੱਚ ਉਨ੍ਹਾਂ ਦੇ ਦਫ਼ਤਰ ਵਿੱਚ 3750 ਸ਼ਿਕਾਇਤਾਂ ਜਾਤ-ਪਾਤ ਦੇ ਹੋ ਰਹੇ ਵਿਤਕਰੇ ਨਾਲ ਸਬੰਧਿਤ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਮਹਾਂਵਾਕ ਉੱਪਰ ਚੱਲਦਿਆਂ ਕਮਿਸ਼ਨ ਵੱਲੋਂ ਜਾਤੀ ਵਿਤਕਰਿਆਂ ਨੂੰ ਖ਼ਤਮ ਕਰਨ ਲਈ ਪੂਰੀ ਸੁਹਿਰਦਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਆਪਣੇ ਫ਼ਰਜ਼ਾਂ ਦੀ ਅਦਾਇਗੀ ਤੋਂ ਕਦੀ ਪਿੱਛੇ ਨਹੀਂ ਹੱਟੇਗਾ।

ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦਾ ਜੁਆਬ ਦਿੰਦਿਆਂ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕੁਝ ਰਾਜਨੀਤਿਕ ਆਗੂਆਂ ਦੀ ਸੋਚ ਵਿੱਚ ਅਜੇ ਵੀ ਜਾਤੀਵਾਦ ਘਰ ਕਰੀ ਬੈਠੀ ਹੈ ਅਤੇ ਇਹੀ ਕਾਰਨ ਹੈ ਕਿ ਉਹ ਵਾਰ-ਵਾਰ ਜਾਤੀਵਾਦ ਸਬੰਧੀ ਗਲਤ ਟਿੱਪਣੀਆਂ ਕਰ ਦਿੰਦੇ ਹਨ। ਸ੍ਰੀ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਅੱਜ ਵਾਹਿਗੁਰੂ ਅੱਗੇ ਇਹ ਵੀ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਅਜਿਹੇ ਲੋਕਾਂ ਨੂੰ ਸਮੁੱਤ ਬਖਸ਼ਣ ਜੋ ਸਮਾਜ ਨੂੰ ਜਾਤਾਂ-ਪਾਤਾਂ ਵਿੱਚ ਵੰਡਣ ਦੀ ਰਾਜਨੀਤੀ ਕਰਦੇ ਹਨ।

Leave a Reply

Your email address will not be published. Required fields are marked *