ਪੰਜਾਬ ਨੇ ਮੋਹਾਲੀ ਦੀ ਸਰਕਾਰੀ ਸੰਸਥਾ ਵਿੱਚ ਪਹਿਲਾ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇਤਿਹਾਸ ਰਚਿਆ

ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਦਸੰਬਰ:

ਟ੍ਰਸ਼ਰੀ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇਤਿਹਾਸਕ ਪ੍ਰਾਪਤੀ ਦਰਜ ਕਰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮੋਹਾਲੀ ਸਥਿਤ ਸਰਕਾਰੀ ਸੰਸਥਾ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ ਵਿੱਚ ਪਹਿਲਾ ਸਫ਼ਲ ਲਿਵਰ ਟ੍ਰਾਂਸਪਲਾਂਟ ਸਰਜਰੀ ਕਰਕੇ ਇਤਿਹਾਸ ਰਚਿਆ ਹੈ।

ਮੰਗਲਵਾਰ ਨੂੰ, ਸਫ਼ਲਤਾਪੂਰਕ ਟ੍ਰਾਂਸਪਲਾਂਟ ਕੀਤੇ ਗਏ ਮਰੀਜ਼ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ, ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰੀ ਸੰਸਥਾ ਵਿੱਚ ਇੰਨੀ ਜਟਿਲ ਅਤੇ ਸੰਵੇਦਨਸ਼ੀਲ ਸਰਜਰੀ ਸਫ਼ਲਤਾਪੂਰਕ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਿੰਸੀਪਲ ਸਕੱਤਰ ਸਿਹਤ ਕੁਮਾਰ ਰਾਹੁਲ ਵੀ ਮੌਜੂਦ ਸਨ।

ਉਨ੍ਹਾਂ ਦੱਸਿਆ ਕਿ ਇਹ ਜ਼ਿੰਦਗੀ ਬਚਾਉਣ ਵਾਲਾ ਇਲਾਜ ਮਰੀਜ਼ ਨੂੰ ਕਰੀਬ 12 ਲੱਖ ਰੁਪਏ ਵਿੱਚ ਮੁਹੱਈਆ ਕਰਵਾਇਆ ਗਿਆ ਹੈ, ਜਦਕਿ ਨਿੱਜੀ ਹਸਪਤਾਲਾਂ ਵਿੱਚ ਇਹ ਇਲਾਜ 45 ਤੋਂ 50 ਲੱਖ ਵਿੱਚ ਪੈਂਦਾ ਹੈ। ਇਹ ਸਰਜਰੀ 27 ਨਵੰਬਰ 2025 ਨੂੰ ਕੀਤੀ ਗਈ ਸੀ ਅਤੇ ਮਰੀਜ਼ ਦੀ ਹਾਲਤ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਅਗਲੇ ਇੱਕ-ਦੋ ਦਿਨਾਂ ਵਿੱਚ ਛੁੱਟੀ ਮਿਲਣ ਦੀ ਉਮੀਦ ਹੈ।

ਸਿਹਤ ਮੰਤਰੀ ਨੇ ਸੰਸਥਾ ਦੇ ਡਾਇਰੈਕਟਰ ਅਤੇ ਹੈਪਾਟੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਵੀਰੇਂਦਰ ਸਿੰਘ ਅਤੇ ਲਿਵਰ ਟ੍ਰਾਂਸਪਲਾਂਟ ਅਤੇ ਹੈਪਾਟੋਬਿਲੀਅਰੀ ਸਰਜਰੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਕੇ. ਰਾਜਸ਼ੇਖਰ ਦੀ ਅਗਵਾਈ ਹੇਠ ਮੈਡੀਕਲ ਟੀਮ ਨੂੰ ਵਧਾਈ ਦਿੰਦਿਆਂ, ਇਸ ਸਫ਼ਲਤਾ ਨੂੰ ਸੰਸਥਾ ਲਈ ਵੱਡਾ ਮੀਲ ਪੱਥਰ ਕਰਾਰ ਦਿੱਤਾ।

ਡਾ. ਬਲਬੀਰ ਸਿੰਘ ਨੇ ਪੀ.ਜੀ.ਆਈ.ਐੱਮ.ਈ.ਆਰ., ਚੰਡੀਗੜ੍ਹ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰਿਆਣਾ ਦੇ ਇੱਕ ਬ੍ਰੇਨ ਡੈੱਡ ਵਿਅਕਤੀ ਤੋਂ ਅੰਗ ਉਪਲਬਧ ਕਰਵਾਇਆ। ਉਨ੍ਹਾਂ ਨੇ ਅੰਗ ਦਾਨ ਕਰਨ ਵਾਲੇ ਪਰਿਵਾਰ ਦਾ ਵੀ ਦਿਲੋਂ ਧੰਨਵਾਦ ਕੀਤਾ, ਜਿਸ ਦੀ ਬਦੌਲਤ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼, ਪੰਜਾਬ ਦਾ ਪਹਿਲਾ ਸਮਰਪਿਤ ਲਿਵਰ ਅਤੇ ਬਿਲੀਅਰੀ ਵਿਗਿਆਨ ਕੇਂਦਰ ਹੋਣ ਦੇ ਨਾਤੇ, ਪੂਰਨ ਇਲਾਜ, ਅਧੁਨਿਕ ਇਲਾਜ ਪ੍ਰਕਿਰਿਆਵਾਂ ਅਤੇ 24×7 ਐਮਰਜੈਂਸੀ ਅਤੇ ਆਈ.ਸੀ.ਯੂ. ਸਹੂਲਤਾਂ ਉਪਲਬਧ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 175 ਬਿਸਤਰਿਆਂ ਵਾਲਾ ਨਵਾਂ ਇਨਡੋਰ ਬਲਾਕ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਸੰਸਥਾ ਦੀ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਨਵਾਂ ਬਣਿਆ ਡਾਇਗਨੋਸਟਿਕ ਬਲਾਕ ਹੁਣ ਚਾਲੂ ਹੋ ਚੁੱਕਾ ਹੈ, ਜਿੱਥੇ ਡੀਜੀਟਲ ਸਬਟ੍ਰੈਕਸ਼ਨ ਐਂਜੀਓਗ੍ਰਾਫੀ  ਮਸ਼ੀਨ ਸਥਾਪਿਤ ਕੀਤੀ ਗਈ ਹੈ। ਨਵੇਂ ਸੀ ਟੀ ਸਕੈਨਰ ਲਈ ਆਰਡਰ ਜਾਰੀ ਹੋ ਚੁੱਕਾ ਹੈ, ਐਮ ਆਰ ਆਈ ਲਈ ਟੈਂਡਰ ਪ੍ਰਕਿਰਿਆ ਜਾਰੀ ਹੈ ਅਤੇ ਇੱਕ ਹਫ਼ਤੇ ਅੰਦਰ ਆਟੋਮੇਟਿਡ ਬਾਇਓਕੈਮੀਸਟਰੀ ਐਨਾਲਾਈਜ਼ਰ ਵੀ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ। ਇੱਥੇ ਇੱਕ ਅਧੁਨਿਕ ਬਲੱਡ ਬੈਂਕ ਵੀ ਸਥਾਪਿਤ ਕੀਤਾ ਗਿਆ ਹੈ, ਜੋ ਪੰਜਾਬ ਦੇ ਸਭ ਤੋਂ ਆਧੁਨਿਕ ਬਲੱਡ ਬੈਂਕਾਂ ਵਿੱਚੋਂ ਇੱਕ ਹੋਵੇਗਾ।

ਉਨ੍ਹਾਂ ਕਿਹਾ ਕਿ ਸੰਸਥਾ ਹੈਪਾਟੋਬਿਲੀਅਰੀ ਵਿਗਿਆਨ ਵਿੱਚ ਕਲੀਨਿਕਲ ਸਰਵੋਤਮਤਾ, ਖੋਜ ਅਤੇ ਸਿਖਲਾਈ ਲਈ ਵਿਸ਼ਵ ਪੱਧਰੀ ਕੇਂਦਰ ਬਣਨ ਵੱਲ ਲਗਾਤਾਰ ਅੱਗੇ ਵਧ ਰਹੀ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਸੈਕੰਡਰੀ ਅਤੇ ਟ੍ਰਸ਼ਰੀ ਸਿਹਤ ਸਹੂਲਤਾਂ ਨਾਲ ਲੈਸ ਕਰ ਰਹੀ ਹੈ, ਜਿਨ੍ਹਾਂ ਵਿੱਚ ਨਿਊਰੋ ਅਤੇ ਕਾਰਡੀਓ ਲੈਬ ਵੀ ਸ਼ਾਮਲ ਹਨ।

ਉਨ੍ਹਾਂ ਐਲਾਨ ਕੀਤਾ ਕਿ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਗਲੇ ਸਾਲ ਤੱਕ ਪੰਜਾਬ ਦੀ ਪਹਿਲੀ ਸਰਕਾਰੀ ਸੰਸਥਾ ਬਣ ਜਾਵੇਗੀ, ਜਿੱਥੇ ਗੁਰਦਾ ਟ੍ਰਾਂਸਪਲਾਂਟ ਦੀ ਸਹੂਲਤ ਉਪਲਬਧ ਹੋਵੇਗੀ। ਇਸ ਤੋਂ ਇਲਾਵਾ, ਜਲਦ ਹੀ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਅੰਗ ਪ੍ਰਾਪਤੀ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ।

ਅੰਗ ਦਾਨ ਲਈ ਅਪੀਲ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਦੇਸ਼ ਵਿੱਚ ਨੌਵੇਂ ਸਥਾਨ ’ਤੇ ਹੈ, ਜਿੱਥੇ 20,000 ਤੋਂ ਵੱਧ ਅੰਗ ਦਾਤਾ ਰਜਿਸਟਰਡ ਹਨ, ਅਤੇ ਪੰਜਾਬ ਜਲਦ ਹੀ ਦੇਸ਼ ਦੇ ਸਿਖ਼ਰਲੇ ਰਾਜਾਂ ਵਿੱਚ ਸ਼ਾਮਲ ਹੋਵੇਗਾ।

ਸਰਕਾਰ ਦੀ ਮੁਫ਼ਤ ਇਲਾਜ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਰੁਪਏ 10 ਲੱਖ ਤੱਕ ਦੀ ਕੈਸ਼ਲੈਸ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਗੂ ਕਰਨ ਲਈ ਏਜੰਸੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਇਹ ਯੋਜਨਾ ਜਨਵਰੀ 2026 ਤੋਂ ਪੂਰੇ ਰਾਜ ਵਿੱਚ ਲਾਗੂ ਕੇ ਦਿੱਤੀ ਜਾਵੇਗੀ।

Leave a Reply

Your email address will not be published. Required fields are marked *