ਪੀ.ਪੀ.ਸੀ.ਬੀ. ਨੇ ਠੋਸ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਬਾਰੇ ਜਾਗਰੂਕਤਾ ਤੇ ਸਿਖ਼ਲਾਈ ਸੈਸ਼ਨ ਕਰਵਾਇਆ

ਜਲੰਧਰ, 10 ਦਸੰਬਰ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵੱਲੋਂ ਕੂੜੇ ਨੂੰ ਖੁੱਲ੍ਹੇ ਵਿੱਚ ਸਾੜਨ ਨੂੰ ਰੋਕਣ ਅਤੇ ਸੁੱਕੇ ਤੇ ਗਿੱਲੇ ਕੂੜੇ ਦੀ ਸੋਰਸ ਸੈਗਰੀਗੇਸ਼ਨ ਨੂੰ ਉਤਸ਼ਾਹਿਤ ਕਰਨ ਸਬੰਧੀ ਜਾਗਰੂਕਤਾ-ਕਮ-ਸਿਖ਼ਲਾਈ ਸੈਸ਼ਨ ਕਰਵਾਇਆ ਗਿਆ।
ਇਹ ਸਿਖ਼ਲਾਈ ਸੈਸ਼ਨ ਨਗਰ ਨਿਗਮ ਜਲੰਧਰ ਅਤੇ ਨਗਰ ਨਿਗਮ ਕਪੂਰਥਲਾ ਦੇ ਸੈਨੇਟਰੀ ਇੰਸਪੈਕਟਰਾਂ, ਸੁਪਰਵਾਈਜ਼ਰਾਂ, ਸਫ਼ਾਈ ਸੇਵਕਾਂ/ਸੈਨੀਟੇਸ਼ਨ ਵਰਕਰਾਂ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਲਈ ਕਰਵਾਇਆ ਗਿਆ।
ਦੋਵਾਂ ਕਾਰਪੋਰੇਸ਼ਨਾਂ ਵਿੱਚ ਵੱਖ-ਵੱਖ ਤੌਰ ‘ਤੇ ਚੱਲੇ ਪੂਰੇ ਦਿਨ ਦੇ ਸੈਸ਼ਨਾਂ ਦੌਰਾਨ ਭਾਗੀਦਾਰਾਂ ਨੂੰ ਮਿਊਂਸੀਪਲ ਅਤੇ ਬਾਗਬਾਨੀ ਕੂੜੇ ਨੂੰ ਖੁੱਲ੍ਹੇ ਸਾੜਨ ਨਾਲ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਅਤੇ ਹਵਾ ਪ੍ਰਦੂਸ਼ਣ ਵਿੱਚ ਇਸ ਦੇ ਵੱਡੇ ਯੋਗਦਾਨ ਬਾਰੇ ਜਾਣੂ ਕਰਵਾਇਆ ਗਿਆ।  ਸੁੱਕੇ ਤੇ ਗਿੱਲੇ ਕੂੜੇ ਦੇ ਸਰੋਤ ‘ਤੇ ਲਾਜ਼ਮੀ ਵੱਖਰੇਵੇਂ ਨੂੰ ਪ੍ਰਭਾਵਸ਼ਾਲੀ ਤੇ ਵਾਤਾਵਰਣ-ਅਨੁਕੂਲ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦਾ ਅਹਿਮ ਕਦਮ ਦੱਸਿਆ ਗਿਆ।
ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਨੇ ਸੈਨੇਟਰੀ ਇੰਸਪੈਕਟਰਾਂ ਅਤੇ ਫੀਲਡ ਪੱਧਰ ਦੇ ਸਫ਼ਾਈ ਕਰਮਚਾਰੀਆਂ ਨਾਲ ਵਿਸਥਾਰਤ ਗੱਲਬਾਤ ਕੀਤੀ ਤਾਂ ਜੋ ਉਨ੍ਹਾਂ ਨੂੰ ਰੋਜ਼ਾਨਾ ਕਾਰਜਾਂ ਵਿੱਚ ਆਉਣ ਵਾਲੀਆਂ ਵਿਹਾਰਕ ਮੁਸ਼ਕਲਾਂ ਨੂੰ ਸਮਝਿਆ ਜਾ ਸਕੇ ਅਤੇ ਹੱਲ ਕੀਤਾ ਜਾ ਸਕੇ।
ਸਾਰੇ ਭਾਗ ਲੈਣ ਵਾਲੇ ਸਫ਼ਾਈ ਕਰਮਚਾਰੀਆਂ ਅਤੇ ਫੀਲਡ ਸਟਾਫ਼ ਨੇ ਭਰੋਸਾ ਦਿਵਾਇਆ ਕਿ ਉਹ ਕਿਸੇ ਵੀ ਕਿਸਮ ਦੇ ਠੋਸ ਰਹਿੰਦ-ਖੂੰਹਦ ਨੂੰ ਸਾੜਨਾ ਪੂਰੀ ਤਰ੍ਹਾਂ ਬੰਦ ਕਰਨਗੇ ਅਤੇ ਸਰੋਤ ‘ਤੇ ਹੀ ਸੁੱਕੇ ਤੇ ਗਿੱਲੇ ਕੂੜੇ ਦਾ ਸੌ ਫੀਸਦੀ ਵੱਖਰੇਵਾਂ ਯਕੀਨੀ ਬਣਾਉਣਗੇ। ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਆਪੋ-ਆਪਣੇ ਵਾਰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਹੀ ਢੰਗ ਨਾਲ ਕੂੜਾ ਵੱਖ ਕਰਨ ਲਈ ਸਰਗਰਮੀ ਨਾਲ ਪ੍ਰੇਰਿਤ ਅਤੇ ਜਾਗਰੂਕ ਕਰਨਗੇ।
ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਨਾਲ ਦੋਵਾਂ ਸ਼ਹਿਰਾਂ ਵਿੱਚ ਵਿਗਿਆਨਕ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੇ ਜ਼ਮੀਨੀ ਪੱਧਰ ‘ਤੇ ਲਾਗੂਕਰਨ ਨੂੰ ਕਾਫ਼ੀ ਮਜ਼ਬੂਤੀ ਮਿਲਣ ਦੀ ਉਮੀਦ ਹੈ, ਜਿਸ ਨਾਲ ਸ਼ਹਿਰ ਹੋਰ ਸਾਫ਼-ਸੁਥਰੇ, ਹਰੇ-ਭਰੇ ਅਤੇ ਸਿਹਤਮੰਦ ਬਣਨਗੇ।

Leave a Reply

Your email address will not be published. Required fields are marked *