ਹਲਕਾ ਲਹਿਰਾਗਾਗਾ ਵਿੱਚ ਨਹਿਰੀ ਪਾਣੀ ਦੀ ਖੇਤਾਂ ਨੂੰ ਸਪਲਾਈ ਸਬੰਧੀ ਨਹੀਂ ਛੱਡੀ ਜਾਵੇਗੀ ਕੋਈ ਕਸਰ: ਬਰਿੰਦਰ ਕੁਮਾਰ ਗੋਇਲ

ਲਹਿਰਾਗਾਗਾ, 01 ਜਨਵਰੀ

ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਲਹਿਰਾਗਾਗਾ ਵਿਖੇ ਆਪਣੇ ਦਫ਼ਤਰ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ, ਵਿਸ਼ੇਸ਼ ਤੌਰ ਉੱਤੇ ਨਹਿਰੀ ਤੇ ਡ੍ਰੇਨੇਜ ਵਿਭਾਗ ਅਤੇ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮਹੱਤਵਪੂਰਨ ਸਮੀਖਿਆ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਉਹਨਾਂ ਨੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿੱਚ ਨਹਿਰੀ ਪਾਣੀ ਦੀ ਸਪਲਾਈ ਲਈ ਜ਼ਮੀਨਦੋਜ ਪਾਈਪਾਂ, ਸੂਏ ਅਤੇ ਖਾਲਿਆਂ ਦੀ ਕਾਇਆ ਕਲਪ ਸਬੰਧੀ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਸਬੰਧੀ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਹਨ, ਉਹ ਜਲਦ ਤੋਂ ਜਲਦ ਪੂਰੇ ਕੀਤੇ ਜਾਣ ਅਤੇ ਜਿਹੜੇ ਪ੍ਰੋਜੈਕਟ ਸ਼ੁਰੂ ਹੋਣੇ ਹਨ, ਉਹ ਫੌਰੀ ਸ਼ੁਰੂ ਕੀਤੇ ਜਾਣ। ਉਹਨਾਂ ਕਿਹਾ ਕਿ ਹਲਕਾ ਲਹਿਰਾਗਾਗਾ ਵਿੱਚ ਨਹਿਰੀ ਪਾਣੀ ਦੀ ਸਪਲਾਈ ਸਬੰਧੀ ਕੋਈ ਕਸਰ ਨਹੀਂ ਛੱਡੀ ਜਾਵੇਗੀ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਵੱਡੇ ਪੱਧਰ ਉੱਤੇ ਬੱਚਤ ਹੋਵੇਗੀ।

ਇਸ ਮੌਕੇ ਸ਼੍ਰੀ ਗੋਇਲ ਨੇ ਹਲਕੇ ਵਿੱਚ ਚੱਲ ਰਹੇ ਹੋਰ ਵਿਕਾਸ ਪ੍ਰੋਜੈਕਟਾਂ ਦੀ ਮੌਜੂਦਾ ਸਥਿਤੀ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ ਅਤੇ ਹਰ ਪ੍ਰੋਜੈਕਟ ਨੂੰ ਨਿਰਧਾਰਤ ਮਿਆਦ ਵਿੱਚ ਉੱਚ ਗੁਣਵੱਤਾ ਦੇ ਨਾਲ ਪੂਰਾ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ।

ਕੈਬਨਿਟ ਮੰਤਰੀ ਸ਼੍ਰੀ ਗੋਇਲ ਨੇ ਸੜਕਾਂ ਦੀ ਮਰੰਮਤ, ਨਵੀਂ ਸੜਕਾਂ ਦੀ ਤਿਆਰੀ, ਪੀਣ ਦੇ ਪਾਣੀ ਦੀ ਸਪਲਾਈ, ਸੀਵਰੇਜ ਪ੍ਰਣਾਲੀ, ਸਿਹਤ ਸਹੂਲਤਾਂ, ਸਕੂਲਾਂ ਦੀ ਮੁਰੰਮਤ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਸਬੰਧਤ ਕਾਰਜਾਂ ਦੀ ਪ੍ਰਗਤੀ ਦੀ ਜਾਣਕਾਰੀ ਲਈ। ਉਹਨਾਂ ਨੇ ਕਿਹਾ ਕਿ ਜਿੱਥੇ ਵੀ ਕੰਮ ਹੌਲੀ ਚੱਲ ਰਿਹਾ ਹੈ, ਉੱਥੇ ਤੁਰੰਤ ਤੇਜ਼ ਕੀਤਾ ਜਾਵੇ।

ਕੈਬਨਿਟ ਮੰਤਰੀ ਨੇ ਹਦਾਇਤ ਕੀਤੀ ਕਿ ਜਿਨ੍ਹਾਂ ਨਵੇਂ ਪ੍ਰੋਜੈਕਟਾਂ ਲਈ ਬਜਟ ਜਾਰੀ ਹੋ ਚੁੱਕਾ ਹੈ ਜਾਂ ਪ੍ਰਸ਼ਾਸਕੀ ਮਨਜ਼ੂਰੀ ਮਿਲ ਚੁੱਕੀ ਹੈ, ਉਨ੍ਹਾਂ ਨੂੰ ਫੌਰੀ ਤੌਰ ‘ਤੇ ਸ਼ੁਰੂ ਕੀਤਾ ਜਾਵੇ। ਉਹਨਾਂ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨਾਲ ਸਬੰਧਤ ਕੋਈ ਵੀ ਕੰਮ ਬਿਨਾਂ ਜਾਇਜ਼ ਕਾਰਨ ਦੇ ਲਟਕਣਾ ਨਹੀਂ ਚਾਹੀਦਾ।

ਮੰਤਰੀ ਸ਼੍ਰੀ ਗੋਇਲ ਨੇ ਕਿਹਾ ਕਿ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਾਰੀਆਂ ਲੋਕ ਭਲਾਈ ਸਕੀਮਾਂ—ਪੈਨਸ਼ਨ, ਆਵਾਸ ਯੋਜਨਾਵਾਂ, ਸਿਹਤ ਇਨਸ਼ੋਰੈਂਸ, ਵਿਦਿਆਰਥੀਆਂ ਲਈ ਸਕੌਲਰਸ਼ਿਪ, ਨੌਜਵਾਨਾਂ ਲਈ ਰੋਜ਼ਗਾਰ ਪ੍ਰੋਗਰਾਮ—ਹਰ ਯੋਗ ਲਾਭਪਾਤਰੀ ਤੱਕ ਬਿਨਾ ਕਿਸੇ ਰੁਕਾਵਟ ਦੇ ਪਹੁੰਚਣ ਚਾਹੀਦੀਆਂ ਹਨ। ਉਹਨਾਂ ਨੇ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਹੋਰ ਸਬੰਧਤ ਵਿਅਕਤੀਆਂ ਨਾਲ ਤਾਲਮੇਲ ਕਰ ਕੇ ਘਰ-ਘਰ ਤੱਕ ਸਰਕਾਰੀ ਸਕੀਮਾਂ ਦੀ ਜਾਣਕਾਰੀ ਪਹੁੰਚਾਉਣ ‘ਤੇ ਵੀ ਜ਼ੋਰ ਦਿੱਤਾ।

ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਹਰ ਕਾਰਜ ਵਿੱਚ ਪਾਰਦਰਸ਼ਤਾ ਬਣਾ ਕੇ ਰੱਖੀ ਜਾਵੇ। ਉਹਨਾਂ ਨੇ ਸਪਸ਼ਟ ਕੀਤਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਗੁਣਵੱਤਾ ‘ਚ ਘਾਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਅਧਿਕਾਰੀ ਫੀਲਡ ਵਿੱਚ ਵੱਧ ਤੋਂ ਵੱਧ ਜਾ ਕੇ ਕੰਮਾਂ ਦਾ ਜਾਇਜ਼ਾ ਲੈਣ ਤੇ ਲੋਕਾਂ ਨਾਲ ਸਿੱਧੀ ਗੱਲਬਾਤ ਕਰ ਕੇ ਹਾਲਾਤ ਦਾ ਜਾਇਜ਼ਾ ਲੈਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੌਸਮੀ ਬਿਮਾਰੀਆਂ ਨੂੰ ਰੋਕਣ ਲਈ ਹੈਲਥ ਡਿਪਾਰਟਮੈਂਟ ਸਮੇਂ-ਸਮੇਂ ‘ਤੇ ਤੁਰੰਤ ਮੁਹਿੰਮਾਂ ਚਲਾਏ। ਪਾਣੀ ਸਰੋਤਾਂ ਦੀ ਸਫਾਈ, ਡ੍ਰੇਨੇਜ ਦਾ ਰੱਖ-ਰਖਾਵ ਅਤੇ ਸੈਨੀਟੇਸ਼ਨ ਮੁਹਿੰਮਾਂ ਨੂੰ ਨਿਰੰਤਰਤਾ ਨਾਲ ਜਾਰੀ ਰੱਖਿਆ ਜਾਵੇ।

ਇਸ ਮੌਕੇ ਐਸ.ਈ. ਅਕਿੰਤ ਧਿਰ ਕਨਾਲ ਸਰਕਲ ਪਟਿਆਲਾ, ਐਸ.ਈ. ਗਗਨਦੀਪ ਗਿੱਲ ਬੀ.ਐਮ.ਐਲ. ਪਟਿਆਲਾ, ਐਸ. ਈ. ਮਨਇੰਦਰ ਸਿੰਘ ਪੀ ਡਬਲਿਊ ਆਰ.ਐਮ.ਡੀ.ਸੀ. ਮੋਹਾਲੀ,
ਐਸ.ਈ.ਰੁਪਿੰਦਰ ਸਿੰਘ ਬਠਿੰਡਾ, ਐਕਸੀਅਨ ਨਵਲ ਜੈਨ, ਐਕਸੀਅਨ ਗੁਰਸ਼ਰਨ ਸਿੰਘ ਵਿਰਕ, ਐਕਸੀਅਨ ਗੁਨਦੀਪ ਧਾਲੀਵਾਲ,
ਐਕਸੀਅਨ ਸ਼੍ਰੀ ਕੇਸ਼ਵ ਭੂਮੀ ਰੱਖਿਆ ਵਿਭਾਗ, ਪੀ.ਏ. ਰਾਕੇਸ਼ ਕੁਮਾਰ ਗੁਪਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਐਸ.ਡੀ.ਓ ਅਤੇ ਜੇ.ਈ., ਪਟਵਾਰੀ ਹਾਜ਼ਰ ਸਨ।

Leave a Reply

Your email address will not be published. Required fields are marked *