ਮਾਲੇਰਕੋਟਲਾ 05 ਜਨਵਰੀ :
ਲੋਕਾਂ ਨੂੰ ਬਿਹਤਰ ਅਤੇ ਸਮੇਂ ਸਿਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਵੱਲੋਂ ਟੀ.ਬੀ. ਦੀ ਅਗੇਤੀ ਪਛਾਣ ਲਈ ਸੀ.ਬੀ.ਨੈੱਟ (ਟਰੂਲੈਬ ਕਵਾਟਰੋ ਰੀਅਲ ਟਾਈਮ ਮਾਈਕ੍ਰੋ ਪੀਸੀਆਰ ਐਨਾਲਾਈਜ਼ਰ) ਮਸ਼ੀਨ ਅਤੇ ਜ਼ਿਲ੍ਹਾ ਮਾਲੇਰੀਆ ਲੈਬ ਦਾ ਉਦਘਾਟਨ ਕੀਤਾ ਗਿਆ ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸਰਕਾਰੀ ਉਪਰਾਲਿਆਂ ਦੇ ਨਾਲ-ਨਾਲ ਉਦਯੋਗਿਕ ਸੰਸਥਾਵਾਂ ਦਾ ਸਹਿਯੋਗ ਵੀ ਬਹੁਤ ਅਹਿਮ ਹੈ। ਉਨ੍ਹਾਂ ਅਰਿਹੰਤ ਸਪਿਨਿੰਗ ਮਿੱਲਜ਼ ਦੀ ਇਸ ਪਹਿਲਕਦਮੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਹੋਰਨਾ ਉਦਯੋਗਿਕ ਘਰਾਣਿਆਂ ਲਈ ਵੀ ਪ੍ਰੇਰਣਾ ਹੈ। ਵਿਧਾਇਕ ਨੇ ਜ਼ਿਲ੍ਹੇ ਦੇ ਹੋਰ ਉਦਯੋਗਿਕ ਗਰੁੱਪਾਂ ਅਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਸੀ.ਐਸ.ਆਰ. ਫੰਡਾਂ ਰਾਹੀਂ ਸਿਹਤ, ਸਿੱਖਿਆ ਅਤੇ ਸਮਾਜਿਕ ਭਲਾਈ ਦੇ ਖੇਤਰ ਵਿੱਚ ਅੱਗੇ ਆਉਣ, ਤਾਂ ਜੋ ਲੋੜਵੰਦ ਲੋਕਾਂ ਦੀ ਮਦਦ ਕਰਕੇ ਸਮਾਜ ਦੀ ਭਲਾਈ ਯਕੀਨੀ ਬਣਾਈ ਜਾ ਸਕੇ।
ਯੂਨਿਟ ਹੈੱਡ ਅਰਿਹੰਤ ਸਪਿਨਿੰਗ ਮਿੱਲਜ਼ ਸੁਮਿਤ ਅਗਰਵਾਲ ਨੇ ਦੱਸਿਆ ਕਿ ਵਰਧਮਾਨ ਟੈਕਸਟਾਈਲ ਲਿਮਟਿਡ ਦੀ ਇੱਕ ਇਕਾਈ ਅਰਿਹੰਤ ਸਪਿਨਿੰਗ ਮਿੱਲਜ਼, ਮਲੇਰਕੋਟਲਾ ਵੱਲੋਂ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਉਂਦਿਆਂ ਸੀ.ਐਸ.ਆਰ. ਫੰਡਾਂ ਵਿੱਚੋਂ ਕਰੀਬ 14 ਲੱਖ ਰੁਪਏ ਦੀ ਲਾਗਤ ਨਾਲ ਸਮਾਜ ਭਲਾਈ ਲਈ ਇਹ ਆਧੁਨਿਕ ਮਸ਼ੀਨ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਸਥਾ ਹਮੇਸ਼ਾਂ ਹੀ ਸਮਾਜ ਦੇ ਲੋੜਵੰਦ ਵਰਗਾਂ ਦੀ ਭਲਾਈ ਲਈ ਸਹਿਯੋਗ ਕਰਨ ਲਈ ਤਤਪਰ ਰਹੀ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀ.ਬੀ.ਨੈੱਟ ਮਸ਼ੀਨ ਲੱਗਣ ਨਾਲ ਹੁਣ ਰੋਜ਼ਾਨਾ ਕਰੀਬ 20 ਸ਼ੱਕੀ ਟੀ.ਬੀ. ਮਰੀਜ਼ਾਂ ਦੀ ਜਾਂਚ ਸੰਭਵ ਹੋਵੇਗੀ, ਜਿਸ ਨਾਲ ਬੀਮਾਰੀ ਦੀ ਸ਼ੁਰੂਆਤੀ ਪਛਾਣ ਕਰ ਕੇ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇਗਾ। ਇਸ ਨਾਲ ਟੀ.ਬੀ. ਰੋਕਥਾਮ ਦੇ ਯਤਨਾਂ ਨੂੰ ਵੱਡੀ ਮਜ਼ਬੂਤੀ ਮਿਲੇਗੀ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਨੂੰ ਮਲੇਰੀਆ ਮੁਕਤ ਕਰਨ ਲਈ ਵਿਸ਼ੇਸ ਮੁਹਿੰਮ ਉਲੀਕੀ ਗਈ ਹੈ । ਇਸ ਲੈਬ ਦੇ ਸਥਾਪਿਤ ਹੋਣ ਨਾਲ ਹੁਣ ਸਮੁੱਚੇ ਜ਼ਿਲ੍ਹੇ ਦੇ ਸਰਕਾਰੀ ਸਿਹਤ ਕੇਂਦਰਾਂ ਵਿੱਚੋਂ ਇੱਕਠੇ ਮਲੇਰੀਏ ਦੇ ਸੈਲਪਾਂ ਦੀ ਜਾਂਚ ਇੱਕੋਂ ਜਗਾਂ ਤੇ ਸ਼ੁਰੂ ਹੋ ਜਾਵੇਗੀ ।
ਇਸ ਮੌਕੇ ਮੈਨੇਜਰ ਐਚ.ਆਰ./ਐਡਮਿਨ ਰਾਜ ਕੁਮਾਰ, ਫਰਿਆਲ ਰਹਿਮਾਨ (ਸਰੀਕੇ ਹਯਾਤ ਵਿਧਾਇਕ ਮਾਲੇਰਕੋਟਲਾ) ਬਲਾਕ ਪ੍ਰਧਾਨ ਅਬਦੁਲ ਹਲੀਮ, ਅਸਲਮ ਭੱਟੀ, ਸਾਬਰ ਅਲੀ ਰਤਨ, ਗੁਰਮੀਤ ਸਿੰਘ, ਐਮ.ਸੀ ਅਸ਼ਰਫ ਅਬਦੁੱਲਾ, ਅਸਲਮ ਕਾਲਾ, ਹਾਜੀ ਅਖਤਰ, ਅਨਵਰ, ਰਜਤ ਕਲਿਆਣ, ਜੱਜੀ ਖਾਨ, ਸ਼ਮਸ਼ਾਦ ਝੋਕ, ਸ਼ਕੀਲ ਨੰਦਨ, ਹਾਜੀ ਜਮੀਲ ਕਿਲਾ, ਅਜਹਰ ਮੁਨੀਮ, ਯਾਸਰ ਅਰਫਾਤ, ਯਾਸੀਨ ਨੇਸਤੀ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ

