ਫ਼ਰੀਦਕੋਟ, 17 ਫਰਵਰੀ () ਜ਼ਿਲ੍ਹਾ ਟਰੇਡਰ ਕਮੇਟੀ ਦੀ ਇੱਕ ਅਹਿਮ ਮੀਟਿੰਗ ਪੁਰਾਣੀ ਦਾਣਾ ਮੰਡੀ ਫਰੀਦਕੋਟ ਵਿੱਚ ਸ਼੍ਰੀ ਨਰੇਸ਼ ਕੁਮਾਰ ਚੇਅਰਮੈਨ ਜ਼ਿਲ੍ਹਾ ਟਰੇਡਰ ਕਮੇਟੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਹਲਕਾ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਹਲਕਾ ਜੈਤੋ ਸ. ਅਮੋਲਕ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਗੁਰਤੇਜ ਸਿੰਘ ਖੋਸਾ, ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਹਰਜੋਤ ਕੌਰ, ਜੀ.ਏ. ਸ. ਗੁਰਕਿਰਨਦੀਪ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਪਾਰੀ ਵਰਗ ਹਾਜ਼ਰ ਸੀ।
ਮੀਟਿੰਗ ਦੌਰਾਨ ਸ਼ਹਿਰ ਦੇ ਵਪਾਰੀਆਂ ਵੱਲੋਂ ਉਠਾਈਆਂ ਗਈਆਂ ਵੱਖ-ਵੱਖ ਸਮੱਸਿਆਵਾਂ, ਜਿਵੇਂ ਕਿ ਟਰੈਫਿਕ ਜਾਮ, ਪਾਰਕਿੰਗ ਦੀ ਘਾਟ, ਸਫ਼ਾਈ ਪ੍ਰਬੰਧ, ਸੜਕਾਂ ਦੀ ਮੁਰੰਮਤ, ਸਟ੍ਰੀਟ ਲਾਈਟਾਂ ਵਿੱਚ ਸੁਧਾਰ, ਪੀਣ ਵਾਲੇ ਪਾਣੀ ਦੀ ਉਪਲਬਧਤਾ, ਸੀਵਰੇਜ ਪ੍ਰਣਾਲੀ ਅਤੇ ਸੁਰੱਖਿਆ ਵਿਵਸਥਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਨਿਵੇਕਲਾ ਉਪਰਾਲਾ ਹੈ ਕਿ ਵਪਾਰੀ ਵਰਗ ਕੋਲ ਜਾ ਕੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਯੋਗ ਹੱਲ ਕਰਨਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਪਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਪਾਰਕ ਖੇਤਰ ਦਾ ਵਿਕਾਸ ਹੀ ਸ਼ਹਿਰ ਦੇ ਆਰਥਿਕ ਤਰੱਕੀ ਦੀ ਕੁੰਜੀ ਹੈ ਅਤੇ ਇਸ ਲਈ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਜਲਦ ਹੀ ਪੁਰਾਣੀ ਦਾਣਾ ਮੰਡੀ ਦੀ ਦਿੱਖ ਵੀ ਬਦਲੀ ਜਾਵੇਗੀ।
ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਹਲਕਾ ਫ਼ਰੀਦਕੋਟ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਜਾਰੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਨਵੇਂ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਹਰ ਸਮੱਸਿਆ ਦਾ ਯੋਗ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਪਾਰੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਨੋਜਵਾਨ ਜੋ ਵੀ ਕੰਮ ਕਰਨਾ ਚਾਹੁੰਦੇ ਹਨ ਜਾਂ ਵਪਾਰੀ ਇੱਕ ਵਪਾਰ ਤੋਂ ਦੂਜੇ ਵਪਾਰ ਵਿੱਚ ਜਾਣਾ ਚਾਹੁੰਦੇ ਹਨ, ਉਸ ਲਈ ਸਰਕਾਰ ਵੱਲੋਂ ਕੈਂਪ ਲਗਾ ਕੇ ਉਨ੍ਹਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਪਾਰੀਆਂ ਨੇ ਹੀ ਰੁਜ਼ਗਾਰ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ।
ਵਿਧਾਇਕ ਜੈਤੋ ਸ. ਅਮੋਲਕ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੈਤੋ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੀ ਵਪਾਰਕ ਸਰਗਰਮੀਆਂ ਨੂੰ ਵਧਾਉਣ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਣ। ਉਨ੍ਹਾਂ ਕਿਹਾ ਕਿ ਆਪ ਸਰਕਾਰ ਹਮੇਸ਼ਾ ਵਪਾਰੀ ਵਰਗ ਦੇ ਨਾਲ ਖੜ੍ਹੀ ਹੈ, ਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਅੱਜ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਲਈ ਖੁਲ੍ਹੇ ਤੌਰ ਤੇ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ 15 ਦਿਨ ਦੇ ਅੰਦਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਪਾਰੀਆਂ ਨਾਲ ਸਬੰਧਤ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੈਮੀਨਾਰ ਵੀ ਜਲਦ ਹੀ ਕਰਵਾਇਆ ਜਾਵੇਗਾ।
ਇਸ ਮੌਕੇ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਦੱਸੀਆਂ ਅਤੇ ਮੀਟਿੰਗ ਦੌਰਾਨ ਟਰੇਡਰ ਯੂਨੀਅਨ ਦੇ ਨੁਮਾਇੰਦਿਆਂ ਨੇ ਵੀ ਆਪਣੇ ਵਿਚਾਰ ਰੱਖੇ । ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਜਸਬੀਰ ਸਿੰਘ ਜੱਸੀ ਨੇ ਬਾਖੂਬੀ ਨਿਭਾਈ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਸ. ਰਮਨਦੀਪ ਸਿੰਘ ਮੁਮਾਰਾ, ਡਿਪਟੀ ਕਮਿਸ਼ਨਰ ਜੀ.ਐਸ.ਟੀ. ਡੀ.ਐਸ. ਗਰਚਾ, ਸਹਾਇਕ ਸਟੇਟ ਕਮਿਸ਼ਨਰ ਜੀ.ਐਸ.ਟੀ ਵਰੁਣ ਨਾਗਪਾਲ, ਸ. ਸੁਖਮੰਦਰ ਸਿੰਘ ਰੇਖੀ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਡੀ.ਐਫ.ਐਸ.ਸੀ. ਸ. ਗੁਰਜੀਤ ਸਿੰਘ ਦਿਉਲ, ਚੇਅਰਮੈਨ ਫਰੀਦਕੋਟ ਸ. ਗੁਰਪ੍ਰੀਤ ਸਿੰਘ ਸਿੱਧੂ, ਚੇਅਰਮੈਨ ਕੋਟਕਪੂਰਾ ਸ. ਰਵਿੰਦਰ ਗੋਇਲ, ਚੇਅਰਮੈਨ ਜੈਤੋ ਗੋਪਾਲ ਕ੍ਰਿਸ਼ਨ ਸ਼ੈਲੀ, ਈ.ਓ ਨਗਰ ਕੌਂਸਲ ਸ੍ਰੀ ਅੰਮ੍ਰਿਤ ਲਾਲ, ਮਨਜੀਤ ਸ਼ਰਮਾ ਜਿਲ੍ਹਾ ਸਕੱਤਰ ਸ਼ੋਸ਼ਲ ਮੀਡੀਆ ਫਰੀਦੋਕਟ, ਕਿਸਾਨ ਵਿੰਗ ਤੋਂ ਗੁਰਸੇਵਕ ਸਿੰਘ ਬੁੱਟਰ, ਰਣਜੀਤ ਕੌਰ ਮਾਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਆਗੂ ਅਤੇ ਵਪਾਰੀ ਹਾਜ਼ਰ ਸਨ।

