ਲੀਗਲ ਮੈਟਰੋਲੌਜੀ ਵਿੰਗ ਨੇ ਸਾਲ 2025 ਦੌਰਾਨ ਅਪ੍ਰੈਲ ਤੋਂ ਦਸੰਬਰ ਤੱਕ 1.40 ਕਰੋੜ ਰੁਪਏ ਦੀ ਕੀਤੀ ਕਮਾਈ

ਚੰਡੀਗੜ੍ਹ, 21 ਜਨਵਰੀ:

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਦੇ ਕਾਨੂੰਨੀ ਮੈਟਰੋਲੌਜੀ ਵਿੰਗ ਦੀ ਕਾਰਗੁਜ਼ਾਰੀ ਵਿੱਚ ਸਾਲ 2024 – 25 ਦੇ ਮੁਕਾਬਲੇ ਅਪ੍ਰੈਲ ਤੋਂ ਦਸੰਬਰ 2025 ਤੱਕ ਉਗਰਾਹੀ ਗਈ ਕੰਪਾਊਂਡਿੰਗ ਫੀਸ, ਨਿਰੀਖਣ ਅਤੇ ਕੀਤੀਆਂ ਗਈਆਂ ਤਸਦੀਕਾਂ ਆਦਿ ਵਰਗੇ ਕਈ ਮਾਪਦੰਡਾਂ ਦੇ ਆਧਾਰ ’ਤੇ ਵਾਧਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਲੀਗਲ ਮੈਟਰੋਲੌਜੀ ਵਿੰਗ ਨੇ 2025-26 ਵਿੱਚ 1.40 ਕਰੋੜ ਰੁਪਏ ਦੀਆਂ ਕੰਪਾਊਂਡਿੰਗ ਫੀਸਾਂ ਇਕੱਤਰ ਕੀਤੀਆਂ, ਜਦੋਂ ਕਿ ਸਾਲ 2024-25 ਵਿੱਚ ਇਸੇ ਮਿਆਦ ਦੌਰਾਨ ਵਿੰਗ ਨੇ 1 ਕਰੋੜ ਰੁਪਏ ਤੋਂ ਥੋੜ੍ਹੀ ਵੱਧ ਰਾਸ਼ੀ ਇਕੱਤਰ ਕੀਤੀ ਸੀ। ਇਸ ਤਰ੍ਹਾਂ ਵਿੰਗ ਨੇ 2025-26 ਵਿੱਚ 22133 ਨਿਰੀਖਣ ਕੀਤੇ ਜਦੋਂ ਕਿ 2024-25 ਦੌਰਾਨ ਨਿਰੀਖਣਾਂ ਦਾ ਅੰਕੜਾ 18419 ਸੀ। ਇਸ ਤੋਂ ਇਲਾਵਾ 2025-26 ਵਿੱਚ ਵਿੰਗ ਨੇ 2230 ਚਲਾਨ ਕੀਤੇ ਜਦਕਿ 2024-25 ਦੌਰਾਨ ਕੱਟੇ ਗਏ ਕੁੱਲ ਚਲਾਨਾਂ ਦੀ ਗਿਣਤੀ 1397 ਸੀ ।

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵੀ ਜੋਸ਼ ਅਤੇ ਸਮਰਪਣ ਨਾਲ ਕੰਮ ਕਰਨ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਵਿੰਗ ਕੋਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿਖੇ ਵਿਭਾਗ ਦੀ ਮਾਲਕੀ ਵਾਲੀਆਂ ਮਿਆਰੀ ਲੈਬਾਰੇਟਰੀਆਂ ਹਨ, ਜਦੋਂ ਕਿ ਸਰਹਿੰਦ ਅਤੇ ਖੰਨਾ ਵਿਖੇ ਨਵੀਆਂ ਲੈਬਾਰੇਟਰੀਆਂ ਬਣਾਉਣ ਦੀ ਯੋਜਨਾ ਹੈ ।

ਲੀਗਲ ਮੈਟਰੋਲੋਜੀ ਵਿੰਗ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵੇਚੇ ਅਤੇ ਖ਼ਰੀਦੇ ਗਏ ਸਮਾਨ ਦੀ ਅਸਲ ਮਾਤਰਾ ਅਤੇ ਮਿਕਦਾਰ ਅਨੁਸਾਰ ਸਹੀ-ਤੇ-ਦਰੁਸਤ ਹੋਵੇ ਤਾਂ ਜੋ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।

Leave a Reply

Your email address will not be published. Required fields are marked *