*ਅੰਮ੍ਰਿਤਸਰ, 26 ਜਨਵਰੀ 2026*
ਆਮਦਨ ਕਰ ਵਿਭਾਗ, ਅੰਮ੍ਰਿਤਸਰ ਵੱਲੋਂ 77ਵੇਂ ਗਣਤੰਤਰ ਦਿਵਸ ਸਮਾਗਮ ਦਾ ਆਯੋਜਨ ਉਤਸ਼ਾਹ ਤੇ ਦੇਸ਼ਭਕਤੀ ਭਰੇ ਮਾਹੌਲ ਵਿੱਚ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਡਾ. ਜੀ. ਐਸ. ਫਣੀ ਕਿਸ਼ੋਰ, ਮੁੱਖ ਆਮਦਨ ਕਰ ਕਮਿਸ਼ਨਰ, ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਕੋਮਲ ਜੋਪਾਲ, ਮੁੱਖ ਆਮਦਨ ਕਰ ਕਮਿਸ਼ਨਰ ਰਹੇ। ਮੁੱਖ ਮਹਿਮਾਨ ਨੂੰ ਗਾਰਡ ਆਫ਼ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸਵੇਰੇ 9 ਵਜੇ ਮੁੱਖ ਮਹਿਮਾਨ ਨੇ ਵਿਸ਼ੇਸ਼ ਮਹਿਮਾਨ ਦੀ ਗੌਰਵਮਈ ਹਾਜ਼ਰੀ ਵਿੱਚ ਕੌਮੀ ਝੰਡਾ ਲਹਿਰਾਇਆ।
ਗਣਤੰਤਰ ਦਿਵਸ ਦੇ ਮੌਕੇ ‘ਤੇ ਆਪਣੇ ਸੰਬੋਧਨ ਦੌਰਾਨ ਡਾ. ਜੀ. ਐਸ. ਫਣੀ ਕਿਸ਼ੋਰ ਨੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਜ਼ਾਦੀ ਘੁਲਾਟੀਆਂ ਦੇ ਤਿਆਗ ਤੇ ਬਲਿਦਾਨ ਨੂੰ ਨਮਨ ਕੀਤਾ। ਉਨ੍ਹਾਂ ਨੇ ਦੇਸ਼ ਦੀ ਅਖੰਡਤਾ ਅਤੇ ਸੰਪ੍ਰਭੂਤਾ ਨੂੰ ਕਾਇਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਇੱਕ ਸੰਪ੍ਰਭੂ, ਸਮਾਜਵਾਦੀ, ਧਰਮ ਨਿਰਪੱਖ ਤੇ ਲੋਕਤੰਤਰਕ ਰਾਸ਼ਟਰ ਹੈ। ਭਾਰਤ ਦੀ ਸੱਭਿਆਚਾਰਕ ਅਤੇ ਧਾਰਮਿਕ ਵਿਭਿੰਨਤਾ ਨੂੰ ਦੇਸ਼ ਦੀ ਸਭ ਤੋਂ ਵੱਡੀ ਤਾਕਤ ਦੱਸਦਿਆਂ ਉਨ੍ਹਾਂ ਇਸਨੂੰ ਸੰਭਾਲ ਕੇ ਰੱਖਣ ‘ਤੇ ਜ਼ੋਰ ਦਿੱਤਾ।
ਮੁੱਖ ਮਹਿਮਾਨ ਨੇ ਕਿਹਾ ਕਿ ਆਮਦਨ ਕਰ ਵਿਭਾਗ ਸਿਰਫ ਕਰ ਇਕੱਠਾ ਕਰਨ ਵਾਲਾ ਵਿਭਾਗ ਨਹੀਂ ਹੈ, ਸਗੋਂ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਆਮਦਨ ਕਰ ਰਾਹੀਂ ਇਕੱਠੇ ਕੀਤੇ ਗਏ ਧਨ ਦਾ ਇਸਤੇਮਾਲ ਸਿੱਖਿਆ, ਮੂਲ ਢਾਂਚੇ, ਰੱਖਿਆ ਅਤੇ ਸਮਾਜਿਕ ਕਲਿਆਣ ਦੇ ਕੰਮਾਂ ਲਈ ਕੀਤਾ ਜਾਂਦਾ ਹੈ। ਵਿਭਾਗ ਵੱਲੋਂ ਤਕਨਾਲੋਜੀ ਦੀ ਵਰਤੋਂ ਕਰਕੇ ਕਰਦਾਤਿਆਂ ਨੂੰ ਪਾਰਦਰਸ਼ੀ ਅਤੇ ਸੁਵਿਧਾਜਨਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਉਹ ਘਰ ਬੈਠੇ ਆਮਦਨ ਕਰ ਰਿਟਰਨ ਭਰ ਸਕਦੇ ਹਨ ਅਤੇ ਆਮਦਨ ਕਰ ਨਾਲ ਸੰਬੰਧਤ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ।
ਇਸ ਮੌਕੇ ‘ਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਵੀ ਸਮਾਂ ਬੰਨ੍ਹਿਆ, ਜਿਸ ਵਿੱਚ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸਾਰੇ ਭਾਗੀਦਾਰਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸ਼੍ਰੀ ਕੰਵਲਜੀਤ ਸਿੰਘ, ਪ੍ਰਧਾਨ ਆਮਦਨ ਕਰ ਕਮਿਸ਼ਨਰ-1, ਅੰਮ੍ਰਿਤਸਰ, ਸ਼੍ਰੀਮਤੀ ਰਤਿੰਦਰ ਕੌਰ, ਐਡੀਸ਼ਨਲ ਆਮਦਨ ਕਰ ਕਮਿਸ਼ਨਰ, ਸ਼੍ਰੀ ਹਿਮਾਂਸ਼ੂ, ਐਡੀਸ਼ਨਲ ਆਮਦਨ ਕਰ ਕਮਿਸ਼ਨਰ, ਸ਼੍ਰੀ ਮੇਵਾਰਾਮ, ਸਹਾਇਕ ਆਮਦਨ ਕਰ ਕਮਿਸ਼ਨਰ, ਬਾਰ ਅਤੇ ਸੀ.ਏ. ਐਸੋਸੀਏਸ਼ਨ ਦੇ ਪ੍ਰਤੀਨਿਧੀ ਸਣੇ ਵਿਭਾਗ ਦੇ ਅਧਿਕਾਰੀ, ਮੁਲਜ਼ਮ ਤੇ ਸੇਵਾਮੁਕਤ ਮੁਲਜ਼ਮ ਹਾਜ਼ਰ ਰਹੇ।

