ਫਲ ਉਤਪਾਦਨ, ਕੁਦਰਤੀ ਖੇਤੀ ਅਤੇ ਕਲੱਸਟਰ ਅਧਾਰਤ ਮਾਡਲ ਨਾਲ ਵਧੇਗੀ ਕਿਸਾਨਾਂ ਦੀ ਆਮਦਨ: ਮੁੱਖ ਮੰਤਰੀ

ਚੰਡੀਗੜ੍ਹ, 1 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਵਿਖੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ ਲਈ ਫ਼ਸਲੀ ਵਿਭਿੰਨਤਾ, ਬਾਗਬਾਨੀ ਅਤੇ ਉੱਚ ਮੁੱਲ ਵਾਲੀਆਂ ਫਲਾਂ ਦੀਆਂ ਫ਼ਸਲਾਂ ਦੇ ਪਸਾਰ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਮਿੱਟੀ ਅਤੇ ਜਲਵਾਯੂ ਅਨੁਸਾਰ ਕਲੱਸਟਰ ਅਧਾਰਤ ਖੇਤੀ ਮਾਡਲ ਵਿਕਸਿਤ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਘੱਟ ਸਮੇਂ ਵਿੱਚ ਵੱਧ ਉਤਪਾਦਨ ਅਤੇ ਬਿਹਤਰ ਮੁੱਲ ਮਿਲ ਸਕੇ।

ਫਲ-ਫ਼ਸਲ ਕਲੱਸਟਰ ਅਤੇ ਉੱਚ ਮੁੱਲ ਅਧਾਰਤ ਖੇਤੀ

ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਫ਼ਸਲਾਂ ਦੇ ਨਾਲ-ਨਾਲ ਫਲ ਉਤਪਾਦਨ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਸਟ੍ਰਾਬੇਰੀ, ਨਿੰਬੂ, ਅਮਰੂਦ ਅਤੇ ਡਰੈਗਨ ਫਰੂਟ ਵਰਗੀਆਂ ਪ੍ਰਮੁੱਖ ਫਲ ਫ਼ਸਲਾਂ ਲਈ ਢੁਕਵੇਂ ਖੇਤਰਾਂ ਦੀ ਪਛਾਣ ਕਰਕੇ ਕਲੱਸਟਰ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਫਲਾਂ ਦੀ ਬਾਜ਼ਾਰ ਵਿੱਚ ਮੰਗ ਅਤੇ ਲਾਭਕਾਰੀ ਮੁੱਲ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਇਨ੍ਹਾਂ ਦੇ ਉਤਪਾਦਨ, ਪੌਦਿਆਂ ਦੀ ਉਪਲਬਧਤਾ, ਪ੍ਰੋਸੈਸਿੰਗ ਅਤੇ ਮੰਡੀਕਰਨ ਨਾਲ ਜੋੜਿਆ ਜਾਵੇ, ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਮਹੱਤਵਪੂਰਨ ਵਾਧਾ ਹੋ ਸਕੇ।

ਮੁੱਖ ਮੰਤਰੀ ਨੇ ਅਰਹਰ, ਸੋਇਆਬੀਨ, ਮੂੰਗਫਲੀ, ਦਾਲਾਂ, ਫਲ ਫ਼ਸਲਾਂ ਅਤੇ ਗੰਨੇ ਦੇ ਟਿਸ਼ੂ ਕਲਚਰ ਅਧਾਰਤ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਹਰ ਜ਼ਿਲ੍ਹੇ ਦੀ ਖੇਤੀਬਾੜੀ ਅਤੇ ਬਾਗਬਾਨੀ ਸਮਰੱਥਾ ਦਾ ਵਿਗਿਆਨਕ ਮੁਲਾਂਕਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਕਿਸਾਨਾਂ ਨੂੰ ਬਹੁ-ਫ਼ਸਲੀ, ਬਹੁ-ਉਤਪਾਦ ਅਤੇ ਉੱਚ ਮੁੱਲ ਅਧਾਰਤ ਖੇਤੀ ਨਾਲ ਜੋੜ ਕੇ ਸਥਾਈ ਆਮਦਨ ਦੇ ਮੌਕੇ ਪ੍ਰਦਾਨ ਕਰਨਾ ਹੈ।

ਨਵੀਂਆਂ ਹਾਈਬ੍ਰਿਡ ਕਿਸਮਾਂ ਅਤੇ ਖੋਜ ਨੂੰ ਪ੍ਰੋਤਸਾਹਨ

ਮੀਟਿੰਗ ਵਿੱਚ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਨਰਮਾ, ਸਰ੍ਹੋਂ, ਅਰਹਰ, ਸੋਇਆਬੀਨ, ਮੂੰਗਫਲੀ ਅਤੇ ਦਾਲਾਂ ਦੀਆਂ ਨਵੀਂਆਂ ਹਾਈਬ੍ਰਿਡ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਜਾਣ। ਇਸ ਦੇ ਨਾਲ ਹੀ ਅਜਿਹੇ ਬੀਜਾਂ ਅਤੇ ਪੌਦਿਆਂ ਦੀ ਖੋਜ ਨੂੰ ਪ੍ਰੋਤਸਾਹਿਤ ਕੀਤਾ ਜਾਵੇ ਜੋ ਗੜੇਮਾਰੀ, ਜਲਵਾਯੂ ਪਰਿਵਰਤਨ ਅਤੇ ਪ੍ਰਤੀਕੂਲ ਮੌਸਮ ਦੇ ਪ੍ਰਭਾਵ ਨੂੰ ਸਹਿ ਸਕਣ।

ਉਨ੍ਹਾਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀਆਂ, ਕਾਲਜਾਂ ਅਤੇ ਪੰਚਾਇਤ ਪੱਧਰ ‘ਤੇ ਉਪਲਬਧ ਜ਼ਮੀਨ ਨੂੰ ਖੋਜ ਅਤੇ ਪ੍ਰੀਖਣ ਲਈ ਚਿੰਨ੍ਹਿਤ ਕੀਤਾ ਜਾਵੇ, ਤਾਂ ਜੋ ਨਵੀਂਆਂ ਕਿਸਮਾਂ ਅਤੇ ਤਕਨੀਕਾਂ ਦਾ ਸਥਾਨਕ ਹਾਲਾਤਾਂ ਵਿੱਚ ਟੈਸਟ ਕਰਕੇ ਕਿਸਾਨਾਂ ਤੱਕ ਤੇਜ਼ੀ ਨਾਲ ਪਹੁੰਚਾਇਆ ਜਾ ਸਕੇ। ਵਿਦਿਆਰਥੀਆਂ ਅਤੇ ਖੋਜ ਸੰਸਥਾਵਾਂ ਨੂੰ ਵੀ ਇਸ ਮੁਹਿੰਮ ਨਾਲ ਜੋੜ ਕੇ ਨਵੀਨਤਾ ਨੂੰ ਗਤੀ ਦੇਣ ਦੇ ਨਿਰਦੇਸ਼ ਦਿੱਤੇ ਗਏ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਹੋਰਨਾਂ ਰਾਜਾਂ ਦੀਆਂ ਯੂਨੀਵਰਸਿਟੀਆਂ ਵਿੱਚ ਵਿਕਸਿਤ ਸਫਲ ਹਾਈਬ੍ਰਿਡ ਕਿਸਮਾਂ, ਫਲਦਾਰ ਪੌਦਿਆਂ ਅਤੇ ਆਧੁਨਿਕ ਤਕਨੀਕਾਂ ਦਾ ਅਧਿਐਨ ਕਰਕੇ ਉਨ੍ਹਾਂ ਨੂੰ ਹਰਿਆਣਾ ਦੇ ਹਾਲਾਤਾਂ ਅਨੁਸਾਰ ਅਪਣਾਇਆ ਜਾਵੇ, ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਬਿਹਤਰ ਗੁਣਵੱਤਾ ਵਾਲੇ ਪੌਦੇ ਅਤੇ ਬੀਜ ਉਪਲਬਧ ਹੋ ਸਕਣ।

ਸੇਮ ਅਤੇ ਖਾਰੀ ਜ਼ਮੀਨ ਸੁਧਾਰ ਅਤੇ ਜੈਵਿਕ ਨਿਕਾਸ

ਵਿੱਤੀ ਸਾਲ 2026-27 ਲਈ ਰਾਜ ਸਰਕਾਰ ਨੇ 1,40,000 ਏਕੜ ਸੇਮ ਅਤੇ ਖਾਰੀ ਜ਼ਮੀਨ ਦੇ ਸੁਧਾਰ ਦਾ ਟੀਚਾ ਮਿਥਿਆ ਹੈ। ਇਸ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਜੈਵਿਕ ਨਿਕਾਸ (bio-drainage) ਤਹਿਤ ਸਫ਼ੈਦੇ ਦੇ ਰੁੱਖ ਕਿਸਾਨਾਂ ਦੇ ਖੇਤਾਂ ਦੇ ਵੱਟਾਂ, ਨਹਿਰਾਂ ਦੇ ਕਿਨਾਰਿਆਂ ਅਤੇ ਨਾਲਿਆਂ ਦੀਆਂ ਪਟੜੀਆਂ ‘ਤੇ ਵੱਡੇ ਪੱਧਰ ‘ਤੇ ਲਗਾਏ ਜਾਣ, ਤਾਂ ਜੋ ਜਲਥਲ ਵਾਲੇ ਖੇਤਰਾਂ ਵਿੱਚੋਂ ਵਾਧੂ ਪਾਣੀ ਨੂੰ ਕੁਦਰਤੀ ਤੌਰ ‘ਤੇ ਘੱਟ ਕੀਤਾ ਜਾ ਸਕੇ। ਸਫ਼ੈਦੇ ਦੇ ਰੁੱਖ ਆਪਣੀਆਂ ਡੂੰਘੀਆਂ ਜੜ੍ਹਾਂ ਅਤੇ ਜ਼ਿਆਦਾ ਪਾਣੀ ਸੋਖਣ ਦੀ ਸਮਰੱਥਾ ਕਾਰਨ ਸੇਮ ਪ੍ਰਭਾਵਿਤ ਜ਼ਮੀਨ ਦੇ ਸੁਧਾਰ ਵਿੱਚ ਬਹੁਤ ਲਾਹੇਵੰਦ ਸਿੱਧ ਹੁੰਦੇ ਹਨ।

ਕੁਦਰਤੀ ਖੇਤੀ ਨੂੰ ਮੁਹਿੰਮ ਵਜੋਂ ਉਤਸ਼ਾਹ

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਲੱਸਟਰ ਚਿੰਨ੍ਹਿਤ ਕੀਤੇ ਜਾਣ। ਇਨ੍ਹਾਂ ਕਲੱਸਟਰਾਂ ਵਿੱਚ ਕਿਸਾਨਾਂ ਨੂੰ ਜੀਵਾਮ੍ਰਿਤ, ਜੈਵਿਕ ਘੋਲ, ਡਰੰਮ ਅਤੇ ਹੋਰ ਲੋੜੀਂਦੇ ਸਾਧਨ ਮੁਹੱਈਆ ਕਰਵਾਏ ਜਾਣ ਅਤੇ ਉਨ੍ਹਾਂ ਨੂੰ ਵਿਹਾਰਕ ਸਿਖਲਾਈ ਵੀ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਗੁਰੂਕੁਲ ਕੁਰੂਕਸ਼ੇਤਰ ਵਿਖੇ ਆਚਾਰੀਆ ਦੇਵਵਰਤ ਵੱਲੋਂ ਅਪਣਾਈ ਜਾ ਰਹੀ ਕੁਦਰਤੀ ਖੇਤੀ ਪੱਧਤੀ ਨੂੰ ਅਧਾਰ ਬਣਾ ਕੇ ਇਸ ਨੂੰ ਲਾਗੂ ਕੀਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਕਿਸਾਨ ਘੱਟ ਲਾਗਤ ਅਤੇ ਟਿਕਾਊ ਖੇਤੀ ਨਾਲ ਜੁੜ ਸਕਣ।

ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਕੁਦਰਤੀ ਖੇਤੀ ਅਪਣਾਉਣ ਦੇ ਸ਼ੁਰੂਆਤੀ ਪੜਾਅ ਵਿੱਚ ਜੇਕਰ ਕਿਸੇ ਖੇਤਰ ਵਿੱਚ ਉਤਪਾਦਕਤਾ ਘੱਟ ਹੁੰਦੀ ਹੈ, ਤਾਂ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਜਾਵੇ। ਕਿਸਾਨਾਂ ਨੂੰ ਆਰਥਿਕ ਸਹਾਇਤਾ ਅਤੇ ਤਕਨੀਕੀ ਮਾਰਗਦਰਸ਼ਨ ਦੇ ਕੇ ਉਨ੍ਹਾਂ ਦਾ ਵਿਸ਼ਵਾਸ ਮਜ਼ਬੂਤ ਕੀਤਾ ਜਾਵੇ, ਤਾਂ ਜੋ ਕੁਦਰਤੀ ਖੇਤੀ ਨੂੰ ਮੁਹਿੰਮ ਵਜੋਂ ਅੱਗੇ ਵਧਾ ਕੇ ਇਸ ਨੂੰ ਜਨ-ਅੰਦੋਲਨ ਬਣਾਇਆ ਜਾ ਸਕੇ।       

ਕੀਟਨਾਸ਼ਕ ਜਾਂਚ ਅਤੇ ਅਤਿ-ਆਧੁਨਿਕ ਜੈਵਿਕ ਪ੍ਰਯੋਗਸ਼ਾਲਾ

ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਪ੍ਰਯੋਗਸ਼ਾਲਾਵਾਂ ਵਿੱਚ ਫ਼ਸਲਾਂ, ਫਲਾਂ-ਸਬਜ਼ੀਆਂ ਅਤੇ ਹੋਰ ਖੇਤੀ ਉਤਪਾਦਾਂ ਵਿੱਚ ਕੀਟਨਾਸ਼ਕ ਦਵਾਈਆਂ ਅਤੇ ਕੀਟਨਾਸ਼ਕਾਂ ਦੇ ਅੰਸ਼ਾਂ ਦੀ ਨਿਯਮਤ ਜਾਂਚ ਯਕੀਨੀ ਬਣਾਈ ਜਾਵੇ। ਜਿਨ੍ਹਾਂ ਰਸਾਇਣਾਂ ਦੀ ਬਹੁਤ ਜ਼ਿਆਦਾ ਵਰਤੋਂ ਸਿਹਤ ਲਈ ਹਾਨੀਕਾਰਕ ਹੈ ਅਤੇ ਜਿਨ੍ਹਾਂ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧਦਾ ਹੈ, ਉਨ੍ਹਾਂ ਦੀ ਵਰਤੋਂ ‘ਤੇ ਤੁਰੰਤ ਰੋਕ ਲਗਾਈ ਜਾਵੇ। ਨਮੂਨਿਆਂ ਦੀ ਜਾਂਚ ਲਈ ਨਿਯਮਤ ਰੂਪ ਵਿੱਚ ਲੈਬਾਰਟਰੀ ਭੇਜੇ ਜਾਣ ਅਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ ‘ਤੇ ਸਬੰਧਤ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਇੱਕ ਅਤਿ-ਆਧੁਨਿਕ ਜੈਵਿਕ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਜਾਵੇ, ਜਿਸ ਵਿੱਚ ਜੈਵਿਕ ਉਤਪਾਦਾਂ ਅਤੇ ਜੈਵਿਕ ਉਤਪਾਦਨ ਨਾਲ ਸਬੰਧਤ ਸਾਰੇ ਨਮੂਨਿਆਂ ਦੀ ਨਿਯਮਤ ਜਾਂਚ ਕੀਤੀ ਜਾ ਸਕੇ। ਇਸ ਪ੍ਰਯੋਗਸ਼ਾਲਾ ਵਿੱਚ ਮਿੱਟੀ, ਪਾਣੀ, ਜੈਵਿਕ ਖਾਦ, ਫ਼ਸਲ ਅਤੇ ਹੋਰ ਲੋੜੀਂਦੇ ਤੱਤਾਂ ਦੇ ਨਮੂਨਿਆਂ ਦਾ ਵਿਗਿਆਨਕ ਪ੍ਰੀਖਣ ਯਕੀਨੀ ਬਣਾਇਆ ਜਾਵੇ, ਤਾਂ ਜੋ ਜੈਵਿਕ ਖੇਤੀ ਦੀ ਗੁਣਵੱਤਾ, ਸ਼ੁੱਧਤਾ ਅਤੇ ਮਿਆਰਾਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਹੋ ਸਕੇ।

ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕਤ ਕੁਮਾਰ, ਵਿਭਾਗ ਦੇ ਡਾਇਰੈਕਟਰ ਸ੍ਰੀ ਰਾਜਨਾਰਾਇਣ ਕੌਸ਼ਿਕ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਵੀਰੇਂਦਰ ਬੜਖਾਲਸਾ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *