‘ਪੋਸ਼ਣ ਵੀ ਪੜ੍ਹਾਈ ਵੀ’ ਟ੍ਰੇਨਿੰਗ ਦਾ ਚੌਥਾ ਬੈਚ ਸ਼ੁਰੂ

ਤਰਨ ਤਾਰਨ, 16 ਫਰਵਰੀ —
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਜ਼ਿਲ੍ਹਾ ਤਰਨ ਤਾਰਨ ਵੱਲੋਂ “ਪੋਸ਼ਣ ਵੀ ਪੜ੍ਹਾਈ ਵੀ” (ਟਾਇਰ-2 ਫੇਸ-2) ਅਧੀਨ ਟ੍ਰੇਨਿੰਗ ਦਾ ਚੌਥਾ ਬੈਚ ਅੱਜ ਬਲਾਕ ਗੰਡੀਵਿੰਡ ਦੀਆਂ ਆਂਗਣਵਾੜੀ ਵਰਕਰਾਂ ਨਾਲ ਸ਼ੁਰੂ ਕੀਤਾ ਗਿਆ। ਇਸ ਟ੍ਰੇਨਿੰਗ ਦਾ ਆਯੋਜਨ ਆਂਗਣਵਾੜੀ ਵਰਕਰਾਂ ਦੀ ਸਮਰੱਥਾ ਵਿੱਚ ਵਾਧਾ ਕਰਨ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਮਜ਼ਬੂਤ ਕਰਨ ਲਈ ਕੀਤਾ ਜਾ ਰਿਹਾ ਹੈ।
ਟ੍ਰੇਨਿੰਗ ਦੌਰਾਨ ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ ਦੀ ਟੀਮ ਵੱਲੋਂ ਹਾਜ਼ਰੀਨਾਂ ਨੂੰ ਪ੍ਰੀ-ਸਕੂਲ ਸਿੱਖਿਆ, ਸ਼ੁਰੂਆਤੀ ਭਾਸ਼ਾ ਅਤੇ ਗਿਣਤੀ ਕੌਸ਼ਲ, ਖੇਡ-ਆਧਾਰਿਤ ਸਿਖਲਾਈ ਤਰੀਕਿਆਂ ਅਤੇ ਬੱਚਾ-ਕੇਂਦਰਿਤ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਟੀਮ ਮੈਂਬਰਾਂ ਵੱਲੋਂ ਪ੍ਰੈਕਟੀਕਲ ਡੈਮੋ, ਸਮੂਹ ਚਰਚਾ, ਲਰਨਿੰਗ ਮਟੀਰੀਅਲ ਦੀ ਤਿਆਰੀ ਅਤੇ ਐਕਟੀਵਿਟੀ-ਬੇਸਡ ਮਾਡਲ ਰਾਹੀਂ ਟ੍ਰੇਨਿੰਗ ਨੂੰ ਰੁਚੀਕਰ ਬਣਾਇਆ ਗਿਆ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਹੁਲ ਅਰੋੜਾ ਨੇ ਕਿਹਾ ਕਿ “ਪੋਸ਼ਣ ਵੀ ਪੜ੍ਹਾਈ ਵੀ” ਅਭਿਆਨ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਦੋਵਾਂ ਨੂੰ ਇਕੱਠੇ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਨੂੰ ਸਿਖਲਾਈ ਦੌਰਾਨ ਪ੍ਰਾਪਤ ਗਿਆਨ ਨੂੰ ਮੈਦਾਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਅਪੀਲ ਕੀਤੀ।
ਜ਼ਿਲ੍ਹਾ ਕੋਆਰਡੀਨੇਟਰ ਪੋਸ਼ਣ ਅਭਿਆਨ ਗੁਰਵੈਲ ਸਿੰਘ ਨੇ ਟ੍ਰੇਨਿੰਗ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਹਿਲ ਰਾਹੀਂ ਬੱਚਿਆਂ ਵਿੱਚ ਪੋਸ਼ਣ ਸਥਿਤੀ ਸੁਧਾਰਨ ਦੇ ਨਾਲ-ਨਾਲ ਸਿੱਖਣ ਦੇ ਨਤੀਜਿਆਂ ਨੂੰ ਵੀ ਬਿਹਤਰ ਬਣਾਇਆ ਜਾ ਰਿਹਾ ਹੈ।
ਸੀ.ਡੀ.ਪੀ.ਓ ਨਿਵੇਦਿਤਾ ਕੁਮਰਾ ਨੇ ਟ੍ਰੇਨਿੰਗ ਦੌਰਾਨ ਵਰਕਰਾਂ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਨਵੀਂ ਗਤੀਵਿਧੀਆਂ ਅਪਣਾਉਣ ਦੀ ਅਪੀਲ ਕੀਤੀ।
ਬਲਾਕ ਕੋਆਰਡੀਨੇਟਰ ਪੋਸ਼ਣ ਅਭਿਆਨ ਸੁਲੱਖਣ ਸਿੰਘ, ਸੁਪਰਵਾਈਜ਼ਰ ਮਨਿੰਦਰਜੀਤ ਕੌਰ (ਖਡੂਰ ਸਾਹਿਬ) ਅਤੇ ਜਸਪ੍ਰੀਤ ਕੌਰ (ਤਰਨ ਤਾਰਨ) ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਟ੍ਰੇਨਿੰਗ ਪ੍ਰਬੰਧਾਂ ਦੀ ਨਿਗਰਾਨੀ ਕੀਤੀ।
ਵਿਭਾਗ ਵੱਲੋਂ ਦੱਸਿਆ ਗਿਆ ਕਿ ਇਸ ਟ੍ਰੇਨਿੰਗ ਦੇ ਹੋਰ ਬੈਚ ਵੀ ਕ੍ਰਮਵਾਰ ਕਰਵਾਏ ਜਾਣਗੇ, ਤਾਂ ਜੋ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਗੁਣਵੱਤਾ ਵਾਲੀ ਪ੍ਰੀ-ਸਕੂਲ ਸਿੱਖਿਆ ਅਤੇ ਪੋਸ਼ਣ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲ ਸਕੇ।

Leave a Reply

Your email address will not be published. Required fields are marked *