ਕਿਸਾਨਾਂ ਨੂੰ ਕਪਾਹ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਬਾਰੇ ਜਾਣਕਾਰੀ ਦਿੱਤੀ

ਸਹਿਣਾ/ਬਰਨਾਲਾ, 16 ਫਰਵਰੀ

                ਜ਼ਿਲ੍ਹਾ ਬਰਨਾਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ.ਅਮ੍ਰਿਤਪਾਲ ਸਿੰਘ ਅਤੇ ਸਮੂਹ ਬਲਾਕ ਖੇਤੀਬਾੜੀ ਅਫ਼ਸਰ, ਬਰਨਾਲਾ ਦੀ ਦੇਖਰੇਖ ਹੇਠ ਸਹਿਣਾ ਅਤੇ ਬਰਨਾਲਾ ਵਿਖੇ ਕਪਾਹ ਦੀਆਂ ਛਟੀਆਂ ਦੇ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਜਸਵਿੰਦਰ ਸਿੰਘ ਅਤੇ ਦਿਲਪ੍ਰੀਤ ਸਿੰਘ ਵੱਲੋਂ ਕਿਸਾਨਾਂ ਨੂੰ ਕਪਾਹ ਦੀ ਫ਼ਸਲ ਤੋਂ ਬਾਅਦ ਬਚੇ ਟੀਂਡਿਆਂ ਦੇ ਵਿਗਿਆਨਕ ਅਤੇ ਸਮੇਂ-ਸਿਰ ਪ੍ਰਬੰਧਨ ਬਾਰੇ ਸਪਸ਼ਟ ਜਾਣਕਾਰੀ ਦਿੱਤੀ ਗਈ ਤਾਂ ਜੋ ਫ਼ਸਲ ਨੂੰ ਗੁਲਾਬੀ ਸੂੰਢੀ ਦੇ ਪ੍ਰਕੋਪ ਤੋਂ ਰੋਕਿਆ ਜਾ ਸਕੇ।

                ਉਨ੍ਹਾਂ ਦੱਸਿਆ ਕਿ ਕਪਾਹ ਦੀਆਂ ਛਟੀਆਂ ਖੇਤ ਵਿੱਚ ਖੜ੍ਹੇ ਜਾਂ ਪਏ ਰਹਿਣ ਨਾਲ ਗੁਲਾਬੀ ਸੂੰਡੀ ਅਤੇ ਹੋਰ ਹਾਨੀਕਾਰਕ ਕੀੜੇ ਡੋਡਿਆਂ ਵਿੱਚ ਆਸਾਨੀ ਨਾਲ ਜੀਵਿਤ ਰਹਿੰਦੇ ਹਨ ਅਤੇ ਅਗਲੇ ਮੌਸਮ ਵਿੱਚ ਨਵੀਂ ਫ਼ਸਲ ’ਤੇ ਭਾਰੀ ਹਮਲਾ ਕਰਦੇ ਹਨ। ਇਸ ਨਾਲ ਫ਼ਸਲ ਦੀ ਪੈਦਾਵਾਰ, ਗੁਣਵੱਤਾ ਅਤੇ ਕਿਸਾਨ ਦੀ ਆਮਦਨ ਨੂੰ ਨੁਕਸਾਨ ਪਹੁੰਚਦਾ ਹੈ। ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਫ਼ਸਲ ਤੋਂ ਤੁਰੰਤ ਬਾਅਦ ਕਪਾਹ ਦੇ ਟੀਂਡਿਆਂ ਨੂੰ ਜੜ੍ਹਾਂ ਸਮੇਤ ਨਸ਼ਟ ਕੀਤਾ ਜਾਵੇ ਜਾਂ ਕੱਟ ਕੇ ਮਿੱਟੀ ਵਿੱਚ ਗਹਿਰਾਈ ਨਾਲ ਮਿਲਾਇਆ ਜਾਵੇ।

                ਇਸ ਤੋਂ ਇਲਾਵਾ ਟੀਂਡਿਆਂ ਦੀ ਮਲਚਿੰਗ ਜਾਂ ਕੰਪੋਸਟ ਬਣਾਕੇ ਵਰਤੋਂ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ, ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਰਸਾਇਣਕ ਕੀਟਨਾਸ਼ਕਾਂ ’ਤੇ ਨਿਰਭਰਤਾ ਘਟਦੀ ਹੈ।

                 ਅੰਤ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਸਿਫ਼ਾਰਸ਼ਾਂ ਦੀ ਪਾਲਣਾ ਕਰਕੇ ਕਪਾਹ ਦੇ ਟੀਂਡਿਆਂ ਸਬੰਧੀ ਪ੍ਰਬੰਧਨ ਅਪਣਾਇਆ ਜਾਵੇ, ਤਾਂ ਜੋ ਕੀੜਿਆਂ ਦੇ ਜੀਵਨ ਚੱਕਰ ਨੂੰ ਤੋੜ ਕੇ ਅਗਲੀ ਫ਼ਸਲ ਨੂੰ ਸੁਰੱਖਿਅਤ ਬਣਾਇਆ ਜਾ ਸਕੇ।

Leave a Reply

Your email address will not be published. Required fields are marked *