ਗੁਰਦਾਸਪੁਰ,13 ਅਪ੍ਰੈਲ – ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਡਾ. ਭੀਮ ਰਾਓ ਅੰਬੇਡਕਰ ਦੀ ਜਯੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਹ ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਡਾ. ਬੀ. ਆਰ ਅੰਬੇਡਕਰ ਜੀ ਦੇ ਵਿਚਾਰਾਂ ਅਤੇ ਉਨ੍ਹਾਂ ਦੇ ਸਮਾਜਿਕ, ਸਿੱਖਿਆਤਮਕ ਅਤੇ ਸੰਵਿਧਾਨਕ ਯੋਗਦਾਨ ਬਾਰੇ ਜਾਗਰੂਕ ਕਰਨਾ ਸੀ।
ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਭਾਸ਼ਣ ਪ੍ਰਤੀਯੋਗਿਤਾ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਡਾ. ਅੰਬੇਡਕਰ ਜੀ ਦੇ ਜੀਵਨ, ਸੰਘਰਸ਼ ਅਤੇ ਉਪਲਬਧੀਆਂ ‘ਤੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ।
ਇਸ ਮੌਕੇ ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਲਗਭਗ 14 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪ੍ਰਜਵਨ ਨੇ ਪਹਿਲਾ ਸਥਾਨ, ਕੋਮਲ ਨੇ ਦੂਜਾ ਅਤੇ ਮਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਭਾਸ਼ਣ ਮੁਕਾਬਲੇ ਵਿੱਚ ਨਿਕੀਤਾ (ਬੀ.ਐਸਸੀ. ਦੂਜਾ ਸਮੈਸਟਰ) ਪਹਿਲੇ ਸਥਾਨ ‘ਤੇ ਰਹੀ, ਅਰਸ਼ਦੀਪ (ਬੀ.ਏ. ਦੂਜਾ ਸਮੈਸਟਰ) ਨੇ ਦੂਜਾ ਅਤੇ ਹਰਪ੍ਰੀਤ (ਬੀ.ਏ. ਦੂਜਾ ਸਮੈਸਟਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹੋਰ ਸਾਰੇ ਭਾਗੀਦਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਲਈ ਸਰਟੀਫਿਕੇਟ ਆਫ ਐਪ੍ਰਿਸੀਏਸ਼ਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਡਾ. ਸੰਦੀਪ ਕੌਰ ਵੱਲੋਂ “ਅਛੂਤ ਕੌਣ ਹਨ: ਜਾਤੀਵਾਦ ਤੋਂ ਸੰਵਿਧਾਨਿਕ ਅਧਿਕਾਰਾਂ ਤੱਕ – ਇੱਕ ਸੰਘਰਸ਼” ਵਿਸ਼ੇ ‘ਤੇ ਇੱਕ ਵਿਸਥਾਰਪੂਰਕ ਅਤੇ ਗਿਆਨਵਰਧਕ ਵਿਆਖਿਆਨ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਅੰਬੇਡਕਰ ਜੀ ਦੇ ਸਮਾਜਿਕ ਸੰਘਰਸ਼ ਅਤੇ ਸੰਵਿਧਾਨਕ ਦ੍ਰਿਸ਼ਟੀਕੋਣ ਨੂੰ ਵਿਸਥਾਰ ਨਾਲ ਰੱਖਿਆ।
ਇਸ ਮੌਕੇ ਮੁੱਖ ਮਹਿਮਾਨ ਪਰਮਿੰਦਰ ਸੈਣੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਜੀ ਦਾ ਜੀਵਨ ਸਾਨੂੰ ਸਿੱਖਾਉਂਦਾ ਹੈ ਕਿ ਸਿੱਖਿਆ ਅਤੇ ਸੰਘਰਸ਼ ਰਾਹੀਂ ਕਿਸੇ ਵੀ ਪ੍ਰਕਾਰ ਦੀ ਅਸਮਾਨਤਾ ਨੂੰ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੰਬੇਡਕਰ ਜੀ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ।
ਸਮਾਗਮ ਦੇ ਆਖਰ ਵਿੱਚ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਜੀ ਨੇ ਆਪਣੇ ਸੰਬੋਧਨ ਵਿੱਚ ਡਾ. ਅੰਬੇਡਕਰ ਜੀ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਆਧੁਨਿਕ ਪ੍ਰਸੰਗ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ। ਉਨ੍ਹਾਂ ਨੇ ਕਿਹਾ ਕਿ ਡਾ. ਅੰਬੇਡਕਰ ਜੀ ਸਿਰਫ ਸੰਵਿਧਾਨ ਦੇ ਰਚੇਤਾ ਹੀ ਨਹੀਂ ਸਨ, ਸਗੋਂ ਉਹ ਇੱਕ ਦੂਰਦਰਸ਼ੀ ਸਮਾਜ ਸੁਧਾਰਕ ਅਤੇ ਗਹਿਰੇ ਰਾਜਨੀਤਿਕ ਚਿੰਤਕ ਵੀ ਸਨ, ਜਿਨ੍ਹਾਂ ਨੇ ਭਾਰਤੀ ਸਮਾਜ ਨੂੰ ਸਮਾਨਤਾ, ਨਿਆਂ ਅਤੇ ਮਾਨਵ ਮਰਿਆਦਾ ਦੇ ਸਿਧਾਂਤਾਂ ‘ਤੇ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅੰਬੇਡਕਰ ਜੀ ਦਾ ਜੀਵਨ ਸਿੱਖਿਆ ਦੀ ਤਾਕਤ ਦਾ ਸਭ ਤੋਂ ਵੱਡਾ ਉਦਾਹਰਨ ਹੈ। ਉਹਨਾਂ ਨੇ ਬਚਪਨ ਵਿੱਚ ਭੇਦਭਾਵ ਅਤੇ ਅਸਮਾਨਤਾ ਦਾ ਸਾਹਮਣਾ ਕਰਨ ਦੇ ਬਾਵਜੂਦ ਉੱਚ ਸਿੱਖਿਆ ਹਾਸਲ ਕਰਕੇ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਸਿੱਖਿਆ ਹੀ ਉਹ ਸਾਧਨ ਹੈ ਜੋ ਮਨੁੱਖ ਨੂੰ ਆਜ਼ਾਦੀ ਅਤੇ ਆਤਮ-ਸਮਾਨ ਦਿਵਾਉਂਦਾ ਹੈ।

