ਸ੍ਰੀ ਮੁਕਤਸਰ ਸਾਹਿਬ, 13 ਦਸੰਬਰ:
ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਰਾਜ ਪੱਧਰੀ ਵੀਰ ਬਾਲ ਦਿਵਸ-2025 ਸਬੰਧੀ ਮੁਕਾਬਲੇ ਲੁਧਿਆਣਾ ਵਿਖੇ ਕਰਵਾਏ ਗਏ ਅਤੇ ਇਨ੍ਹਾਂ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਸਕੂਲਾਂ ਦੇ ਵਿਦਿਆਰਥੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਬਾਰੇ ਜਾਣੂੰ ਕਰਵਾਇਆ ਅਤੇ ਸਾਹਿਬਜ਼ਾਦਿਆਂ ਦੁਆਰਾ ਦਿਖਾਈ ਗਈ ਬੇਮਿਸਾਲ ਹਿੰਮਤ, ਅਟੁੱਟ ਵਿਸ਼ਵਾਸ ਅਤੇ ਕੁਰਬਾਨੀ ਦੀ ਭਾਵਨਾ ਤੋਂ ਸੇਧ ਲੈਣ ਦਾ ਸੱਦਾ ਦਿੱਤਾ।
ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਵੱਲੋਂ ਰਾਜ ਪੱਧਰੀ ਬਾਲ ਦਿਵਸ-2025 ਦੇ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਦੂਜਾ ਸਥਾਨ ਪ੍ਰਾਪਤ ਕਰਨ ’ਤੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੌਂਗਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਜਿੰਦਰ ਕੁਮਾਰ ਸੋਨੀ ਨੇ ਜੇਤੂ ਵਿਦਿਆਰਥੀਆਂ, ਗਾਈਡ ਅਧਿਆਪਕ, ਸਕੂਲ ਪ੍ਰਿੰਸੀਪਲ, ਜ਼ਿਲ੍ਹਾ ਨੋਡਲ ਅਤੇ ਸਹਾਇਕ ਨੋਡਲ ਨੂੰ ਇਸ ਉਪਲੱਬਧੀ ’ਤੇ ਵਧਾਈ ਦਿੱਤੀ।
ਇਸ ਮੌਕੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪੱਧਰੀ ਵੀਰ ਬਾਲ ਦਿਵਸ 2025 ਦੇ ਨੋਡਲ ਅਫ਼ਸਰ ਸ੍ਰੀ ਰਾਜ ਕੁਮਾਰ ਅਤੇ ਸਹਾਇਕ ਨੋਡਲ ਅਫ਼ਸਰ ਸ੍ਰੀ ਪਰਵੀਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਾਜ ਪੱਧਰੀ ਸਮਾਗਮ ਦੌਰਾਨ ਸਕਿੱਟ, ਸ਼ਬਦ ਗਾਇਨ, ਡੈਕਲਾਮੇਸ਼ਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਹੋਏ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸਕਿੱਟ ਮੁਕਾਬਲਿਆਂ ਦੌਰਾਨ ਰਾਜ ਪੱਧਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਇਹ ਸਕਿੱਟ ਯੁੱਧ ਨਸ਼ਿਆਂ ਵਿਰੁੱਧ ਥੀਮ ’ਤੇ ਆਧਾਰਿਤ ਸੀ ਅਤੇ ਬਾਲ ਭਲਾਈ ਕੌਂਸਲ ਪੰਜਾਬ ਦੀ ਚੇਅਰਪਰਸਨ, ਪ੍ਰਜਕਤਾ ਨੀਲਕੰਠ ਅਵਾਹਦ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤਜਿੰਦਰ ਸਿੰਘ, ਗੁਰਭਾਇ ਸਿੰਘ, ਨਵਕਿਰਨ ਕੌਰ, ਬਲਜਿੰਦਰ ਕੌਰ ਅਤੇ ਪਰਮਿੰਦਰ ਕੌਰ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।
