ਹੁਸ਼ਿਆਰਪੁਰ, 12 ਜਨਵਰੀ :
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਸਕੀਮ ਅਧੀਨ ਔਰਤਾਂ ਲਈ ਸਿੱਖਿਆ, ਅਧਿਕਾਰਾਂ, ਸਿਹਤ, ਸਫ਼ਾਈ ਅਤੇ ਜਾਗਰੂਕਤਾ ਸਬੰਧੀ ਜ਼ਿਲ੍ਹਾ ਪੱਧਰੀ ਕੈਂਪ ਡਾ. ਬੀ.ਆਰ ਅੰਬੇਡਕਰ ਭਵਨ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਵਿਖੇ ਲਗਾਇਆ ਗਿਆ। ਇਸ ਸਮਾਗਮ ਵਿਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮੁੱਖ ਮਹਿਮਾਨ ਸਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਸਿਹਤ ਵਿਭਾਗ ਵੱਲੋਂ ਲੱਗਭਗ 250 ਔਰਤਾਂ ਦਾ ਮੁਫ਼ਤ ਹੈਲਥ ਚੈਕਅੱਪ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਹੁਸ਼ਿਆਰਪੁਰ ਵੱਲੋਂ ਔਰਤਾਂ ਅਤੇ ਲੜਕੀਆਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਲਈ ਵੱਖ- ਵੱਖ 15 ਕੰਪਨੀਆਂ ਵੱਲੋਂ ਰੋਜ਼ਗਾਰ ਕੈਂਪ ਲਗਾਇਆ ਗਿਆ। ਇਨ੍ਹਾਂ ਵੱਖ-ਵੱਖ 15 ਕੰਪਨੀਆਂ ਵੱਲੋਂ ਲਗਭਗ 250 ਔਰਤਾਂ ਅਤੇ ਲੜਕੀਆਂ ਨੂੰ ਰਜਿਸਟਰਡ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਹੁਸ਼ਿਆਰਪੁਰ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਰੋਜ਼ਗਾਰ ਕੈਂਪ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਉੱਨਤੀ ਸੈਲਫ ਹੈਲਪ ਗਰੁੱਪ ਤਲਵਾੜਾ, ਸੰਧਿਆ ਸੈਲਫ ਹੈਲਪ ਗਰੁੱਪ ਮੈਲੀ, ਚੜਦੀ ਕਲ੍ਹਾਂ ਸੈਲਫ ਹੈਲਪ ਗਰੁੱਪ ਅਜੜਾਮ, ਮਾਹੀ ਸਵੈ ਸਹਾਇਤਾ ਗਰੁੱਪ ਅਧਿਕਾਰੇ, ਸਖੀ ਵਨ ਸਟਾਪ ਸੈਂਟਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਹੈਲਥ ਡਾਈਟ ਪਲਾਨ ਆਦਿ ਦੇ ਸਟਾਲ ਲਗਾਏ ਗਏ ਸਨ। ਇਸ ਸਮਾਗਮ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫਸਰ ਹੁਸ਼ਿਆਰਪੁਰ-1, ਹੁਸ਼ਿਆਰਪੁਰ-2, ਮਾਹਿਲਪੁਰ ਅਤੇ ਹਾਜੀਪੁਰ ਨੇ ਵੀ ਭਾਗ ਲਿਆ।
‘ਬੇਟੀ ਬਚਾਓ-ਬੇਟੀ ਪੜ੍ਹਾਓ’ ਸਕੀਮ ਤਹਿਤ ਲਗਾਇਆ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ

