ਬਰਨਾਲਾ, 13 ਦਸੰਬਰ
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਜ਼ਿਲ੍ਹਾ ਪਰਿਸ਼ਦ ਦੇ 10 ਜ਼ੋਨਾਂ ਅਤੇ ਬਲਾਕ ਸੰਮਤੀ ਦੇ 65 ਹਲਕਿਆਂ ਦੀਆਂ ਚੋਣਾਂ ਦੇ ਮੱਦੇਨਜ਼ਰ 14 ਦਸੰਬਰ ਨੂੰ ਵੋਟਾਂ ਪੁਆਉਣ ਲਈ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਸਮੂਹ ਰਿਟਰਨਿੰਗ ਅਧਿਕਾਰੀਆਂ ਵੱਲੋਂ ਅੱਜ ਵੱਖ-ਵੱਖ ਥਾਵਾਂ ਤੋਂ ਵੋਟ ਬਕਸਿਆਂ ਸਮੇਤ ਚੋਣ ਸਮੱਗਰੀ ਦੇ ਕੇ ਰਵਾਨਾ ਕੀਤੀਆਂ ਗਈਆਂ ਚੋਣ ਅਮਲੇ ਦੀਆਂ ਪੋਲਿੰਗ ਪਾਰਟੀਆਂ ਦੇਰ ਸ਼ਾਮ ਆਪਣੇ ਪੋਲਿੰਗ ਸਟੇਸ਼ਨਾਂ ਵਿਖੇ ਪੁੱਜੀਆਂ। ਇਹ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੁਆਈਆਂ ਜਾਣਗੀਆਂ।
ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਲਈ ਕੁੱਲ 3,14,554 ਮਤਦਾਤਾ 14 ਦਸੰਬਰ ਨੂੰ ਵੋਟਾਂ ਪਾਉਣਗੇ। ਇਨ੍ਹਾਂ ਵਿੱਚ 1,66,681 ਪੁਰਸ਼ ਮਤਦਾਤਾ, 1,47,872 ਮਹਿਲਾ ਮਤਦਾਤਾ ਅਤੇ ਇੱਕ ਟ੍ਰਾਂਸਜੈਂਡਰ ਮਤਦਾਤਾ ਸ਼ਾਮਲ ਹਨ। ਮਤਦਾਤਾ ਆਪਣੀ ਵੋਟ 369 ਪੋਲਿੰਗ ਬੂਥਾਂ ‘ਤੇ ਪਾਓਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸ਼ਿਕਾਇਤ ਦਫ਼ਤਰ ਦੇ ਕਮਰਾਂ ਨੰ: 25, ਪਹਿਲੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਿੱਤੀ ਜਾ ਸਕਦੀ ਹੈ ਜਾਂ ਦਫ਼ਤਰ ਦੇ ਲੈਂਡਲਾਇਨ ਨੰਬਰ 01679-244367 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ zilaparishadelectionscomplaint @gmail.com ਈ ਮੇਲ ਆਈ. ਡੀ. ਉੱਤੇ ਵੀ ਕੀਤੀ ਜਾ ਸਕਦੀ ਹੈ।
ਉਹਨਾਂ ਸਮੂਹ ਚੋਣ ਅਮਲੇ ਨੂੰ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਜਾਬਤੇ ਤੇ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਸਾਰੇ ਇਹ ਚੋਣ ਅਮਲ ਪੁਰ ਅਮਨ, ਨਿਰਪੱਖਤਾ, ਪਾਰਦਰਸ਼ਤਾ, ਆਜ਼ਾਦਾਨਾ ਤੇ ਨਿਰਵਿਘਨ ਢੰਗ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜਨ ਸਮੇਤ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ।

