ਮੇਲਾ ਮਾਘੀ ਦੀਆਂ ਤਿਆਰੀਆਂ ਸਬੰਧੀ ਡੀ ਸੀ ਮੁਕਤਸਰ ਨੇ ਕੀਤੀ ਅਹਿਮ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 6 ਜਨਵਰੀ

ਡਿਪਟੀ ਕਮਿਸ਼ਨਰ ਸ਼੍ਰੀ ਅਭਿਜੀਤ ਕਪਲਿਸ਼ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਅਭਿਮਨਿਊ ਰਾਣਾ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿੱਚ ਮੇਲਾ ਮਾਘੀ, ਸ੍ਰੀ ਮੁਕਤਸਰ ਸਾਹਿਬ ਦੀਆਂ ਤਿਆਰੀਆਂ ਸਬੰਧੀ ਇਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲਾ ਮਾਘੀ ਸਿਰਫ਼ ਧਾਰਮਿਕ ਹੀ ਨਹੀਂ, ਸਗੋਂ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਵਾਲਾ ਸਮਾਗਮ ਵੀ ਹੈ, ਜਿਸ ਵਿੱਚ ਲੱਖਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਸਾਰੀਆਂ ਤਿਆਰੀਆਂ ਸਮੇਂ ਸਿਰ, ਸੁਚਾਰੂ ਅਤੇ ਆਪਸੀ ਤਾਲਮੇਲ ਨਾਲ ਪੂਰੀਆਂ ਕੀਤੀਆਂ ਜਾਣ।

ਸੁਰੱਖਿਆ ਅਤੇ ਟ੍ਰੈਫ਼ਿਕ ਪ੍ਰਬੰਧ

ਐਸ ਐਸ ਪੀ ਨੇ ਦੱਸਿਆ ਕਿ ਮੇਲੇ ਦੌਰਾਨ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਜਾਣਗੇ,ਵੱਖ-ਵੱਖ ਥਾਵਾਂ ‘ਤੇ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ, ਟ੍ਰੈਫ਼ਿਕ ਪ੍ਰਬੰਧਾਂ ਲਈ ਵਿਸ਼ੇਸ਼ ਯੋਜਨਾ ਤਿਆਰ ਕਰਕੇ ਲਾਗੂ ਕੀਤੀ ਜਾਵੇਗੀ,ਪਾਰਕਿੰਗ ਸਥਲਾਂ, ਡਾਇਵਰਸ਼ਨ ਅਤੇ ਐਮਰਜੈਂਸੀ ਰੂਟ ਪਹਿਲਾਂ ਤੋਂ ਨਿਸ਼ਚਿਤ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਵੱਲੋਂ ਵਿਭਾਗਾਂ ਨੂੰ ਦਿੱਤੀਆਂ ਮੁੱਖ ਹਦਾਇਤਾਂ

ਡਿਪਟੀ ਕਮਿਸ਼ਨਰ ਨੇ ਵਿਭਾਗਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਰਧਾਰਤ ਸਮੇਂ ਅੰਦਰ ਪੂਰੀਆਂ ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ । ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੇਲਾ ਖੇਤਰ ਅਤੇ ਆਲੇ-ਦੁਆਲੇ ਸਫ਼ਾਈ ਪ੍ਰਬੰਧ ਯਕੀਨੀ ਬਣਾਉਣ,ਅਸਥਾਈ ਸ਼ੌਚਾਲਿਆਂ ਦੀ ਵਿਵਸਥਾ, ਕੂੜਾ ਇਕੱਠਾ ਕਰਨ ਅਤੇ ਨਿਯਮਿਤ ਨਿਸ਼ਕਾਸ਼ਨ,ਪੀਣ ਵਾਲੇ ਪਾਣੀ ਦੇ ਸਾਫ਼ ਅਤੇ ਸੁਚਾਰੂ ਪ੍ਰਬੰਧ ਕਰਨਗੇ।

 

ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਮੇਲਾ ਸਥਲ ਤੱਕ ਪਹੁੰਚ ਵਾਲੀਆਂ ਸੜਕਾਂ ਦੀ ਮੁਰੰਮਤ, ਟੁੱਟੀਆਂ ਸੜਕਾਂ, ਗੱਡੇ ਅਤੇ ਫੁੱਟਪਾਥਾਂ ਦੀ ਤੁਰੰਤ ਮਰੰਮਤ, ਅਸਥਾਈ ਪੁਲ ਅਤੇ ਬੈਰੀਕੇਡਿੰਗ ਦੀ ਤਿਆਰੀ ਕਰਨਗੇ।

 

ਉਨ੍ਹਾਂ ਬਿਜਲੀ ਵਿਭਾਗ ਨੂੰ ਹਦਾਇਤ ਕੀਤੀ ਕਿ ਮੇਲਾ ਖੇਤਰ ਵਿੱਚ ਲਗਾਤਾਰ ਬਿਜਲੀ ਸਪਲਾਈ, ਅਸਥਾਈ ਲਾਈਟਾਂ, ਹਾਈ ਮਾਸਟ ਲਾਈਟਾਂ ਦੀ ਸਥਾਪਨਾ, ਬੈਕਅਪ ਪ੍ਰਬੰਧ ਅਤੇ ਫਾਲਟ ਰਿਪੇਅਰ ਟੀਮਾਂ ਦੀ ਤਾਇਨਾਤੀ ਕੀਤੀ ਜਾਵੇ।

ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਮੈਡੀਕਲ ਕੈਂਪਾਂ ਦੀ ਸਥਾਪਨਾ,ਐਂਬੂਲੈਂਸਾਂ ਦੀ 24 ਘੰਟੇ ਉਪਲਬਧਤਾ, ਡਾਕਟਰਾਂ, ਪੈਰਾਮੈਡੀਕਲ ਸਟਾਫ਼ ਅਤੇ ਦਵਾਈਆਂ ਦੀ ਪੂਰੀ ਵਿਵਸਥਾ ਕੀਤੀ ਜਾਵੇ।

ਉਨ੍ਹਾਂ ਵਾਟਰ ਸਪਲਾਈ ਅਤੇ ਸੈਨਿਟੇਸ਼ਨ ਵਿਭਾਗ ਨੂੰ ਹਦਾਇਤ ਕੀਤੀ ਕਿ ਪੀਣ ਯੋਗ ਪਾਣੀ ਦੀ ਸਪਲਾਈ, ਪਾਣੀ ਦੀ ਗੁਣਵੱਤਾ ਦੀ ਨਿਰੰਤਰ ਜਾਂਚ, ਸੀਵਰੇਜ ਅਤੇ ਨਿਕਾਸੀ ਪ੍ਰਬੰਧ ਆਦਿ ਦਾ ਧਿਆਨ ਰੱਖਿਆ ਜਾਵੇ।

ਇਸ ਤੋਂ ਇਲਾਵਾ ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਅੱਗ ਬੁਝਾਉਂ ਵਾਹਨਾਂ ਦੀ ਤਾਇਨਾਤੀ, ਮੇਲਾ ਖੇਤਰ ਵਿੱਚ ਫਾਇਰ ਸੇਫ਼ਟੀ ਮਿਆਰਾਂ ਦੀ ਪਾਲਣਾ, ਐਮਰਜੈਂਸੀ ਸਥਿਤੀ ਲਈ ਤਿਆਰੀ, ਆਵਾਜਾਈ ਅਤੇ ਟ੍ਰੈਫ਼ਿਕ ਲਈ ਪਾਰਕਿੰਗ ਯੋਜਨਾ ਲਾਗੂ ਕਰਨੀ, ਬੱਸ ਸਟੈਂਡ ਅਤੇ ਆਰਜ਼ੀ ਬੱਸ ਰੂਟਾਂ ਦਾ ਪ੍ਰਬੰਧ, ਟ੍ਰੈਫ਼ਿਕ ਨਿਯੰਤਰਣ ਅਤੇ ਦਿਸ਼ਾ ਸੂਚਕ ਬੋਰਡ ਆਦਿ ਦਾ ਧਿਆਨ ਰੱਖਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਇਹ ਯਕੀਨੀ ਬਣਾਉਣ ਕਿ ਮੇਲਾ ਮਾਘੀ ਸ਼ਾਂਤੀਪੂਰਕ, ਸੁਰੱਖਿਅਤ ਅਤੇ ਸਫਲ ਢੰਗ ਨਾਲ ਆਯੋਜਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਢਿੱਲੋਂ, ਐਸਡੀਐਮ ਸ੍ਰੀ ਮੁਕਤਸਰ ਸਾਹਿਬ ਬਲਜੀਤ ਕੌਰ, ਐਸਡੀਐਮ ਮਲੋਟ ਜੁਗਰਾਜ ਸਿੰਘ ਕਾਹਲੋਂ, ਐਸਡੀਐਮ ਗਿੱਦੜਬਾਹਾ ਜਸਪਾਲ ਸਿੰਘ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Leave a Reply

Your email address will not be published. Required fields are marked *