ਬਰਨਾਲਾ, 31 ਜਨਵਰੀ
ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਚਨਬੱਧ ਹੈ। ਇਸ ਵਾਸਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੋਰ ਗਰੁੱਪ ਬਣਾਏ ਜਾ ਰਹੇ ਹਨ ਜੋ ਕਿ ਜ਼ਿਲ੍ਹਾ ਪੱਧਰ ‘ਤੇ ਸਰਗਰਮੀ ਨਾਲ ਕੰਮ ਕਰਨਗੇ।
ਇਹ ਪ੍ਰਗਟਾਵਾ ਮਾਣਯੋਗ ਮੈਂਬਰ ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਸ. ਜਤਿੰਦਰ ਸਿੰਘ ਸ਼ੰਟੀ (ਪਦਮਸ੍ਰੀ ਐਵਾਰਡੀ) ਨੇ ਸੰਘੇੜਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਸੈਮੀਨਾਰ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਸਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਸਾਰੇ ਜ਼ਿਲ੍ਹਿਆਂ ਵਿੱਚ ਸਮਰਪਿਤ ਕੋਰ ਗਰੁੱਪ ਬਣਾਏ ਜਾ ਰਹੇ ਹਨ। ਇਨ੍ਹਾਂ ਕੋਰ ਗਰੁੱਪਾਂ ਵਿੱਚ 10-10 ਮੈਂਬਰ ਹੋਣਗੇ, ਜਿਨ੍ਹਾਂ ਵਿੱਚ ਮਨੁੱਖੀ ਅਧਿਕਾਰ ਕਾਰਕੁਨ, ਵਕੀਲ ਅਤੇ ਹੋਰ ਮਾਹਿਰ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਕੋਰ ਗਰੁੱਪ ਦੇ ਮੈਂਬਰਾਂ ਲਈ ਅਰਜ਼ੀ ਦੇਣ ਦੀ ਆਖ਼ਰੀ ਮਿਤੀ 4 ਫਰਵਰੀ ਹੈ।ਇਹ ਸਮੂਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਹੱਲ ਕਰਨ ਵਿੱਚ ਨਾਗਰਿਕਾਂ ਦੀ ਸਹੂਲਤ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨਗੇ ਅਤੇ ਤੁਰੰਤ ਕਾਰਵਾਈ ਲਈ ਮੁੱਦਿਆਂ ਨੂੰ ਸਿੱਧੇ ਕਮਿਸ਼ਨ ਕੋਲ ਭੇਜਣਗੇ।
ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਲਈ ਹੈਲਪਲਾਈਨ ਨੰਬਰ 9855475547 ਜਾਰੀ ਕੀਤਾ ਗਿਆ ਹੈ ਜਿਸ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮਨੁੱਖਾਂ ਦੇ ਅਧਿਕਾਰਾਂ ਦੀ ਰਾਖੀ ਲਈ ਨਵੀਆਂ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਹਨ ਜਿਸ ਤਹਿਤ ਕਮਿਸ਼ਨ ਨੇ ਹਸਪਤਾਲਾਂ ਨੂੰ ਕਿਸੇ ਵੀ ਸਥਿਤੀ ਵਿੱਚ ਲਾਸ਼ਾਂ ਨੂੰ ਰੋਕਣ ਤੋਂ ਸਖ਼ਤੀ ਨਾਲ ਮਨਾਹੀ ਕੀਤੀ ਹੈ, ਜਿਸ ਵਿੱਚ ਬਿੱਲਾਂ ਦਾ ਭੁਗਤਾਨ ਨਾ ਹੋਣਾ ਵੀ ਸ਼ਾਮਲ ਹੈ, ਅਜਿਹੇ ਅਭਿਆਸਾਂ ਨੂੰ ਮਨੁੱਖੀ ਮਾਣ ਅਤੇ ਡਾਕਟਰੀ ਨੈਤਿਕਤਾ ਦੀ ਗੰਭੀਰ ਉਲੰਘਣਾ ਕਰਾਰ ਦਿੱਤਾ ਗਿਆ ਹੈ। ਹਸਪਤਾਲਾਂ ਨੂੰ ਮ੍ਰਿਤਕ ਵਿਅਕਤੀਆਂ, ਖਾਸ ਕਰਕੇ ਲਾਵਾਰਿਸ ਜਾਂ ਆਰਥਿਕ ਤੌਰ ‘ਤੇ ਕਮਜ਼ੋਰ ਮਾਮਲਿਆਂ, ਮੁਫ਼ਤ ਜਾਂ ਸਹਾਇਤਾ ਪ੍ਰਾਪਤ ਸਸਕਾਰ/ਦਫ਼ਨਾਉਣ ਲਈ ਸਹਾਇਤਾ ਦੇ ਪ੍ਰਬੰਧਾਂ ਦੇ ਨਾਲ ਸਨਮਾਨਜਨਕ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਵੀ ਆਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੇ ਹੱਕਾਂ ਦੀ ਰਾਖੀ ਵੀ ਯਕੀਨੀ ਬਣਾਈ ਜਾ ਰਹੀ ਹੈ ਜਿਸ ਤਹਿਤ ਓਨ੍ਹਾਂ ਨੂੰ ਸੁਰੱਖਿਆ ਉਪਕਰਨ ਦੇਣੇ, ਬੀਮਾ ਕਰਵਾਉਣਾ ਆਦਿ ਲਾਜ਼ਮੀ ਹੈ।
ਇਸ ਤੋਂ ਪਹਿਲਾਂ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਓਨ੍ਹਾਂ ਕਿਹਾ ਕਿ ਉਹ ਲਗਾਤਾਰ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰਕੇ ਜ਼ਮੀਨੀ ਹਕੀਕਤ ਤੋਂ ਜਾਣੂੰ ਹੋ ਰਹੇ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਿੱਦਤ ਨਾਲ ਕੰਮ ਕਰ ਰਹੇ ਹਨ।
ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਭੋਲਾ ਸਿੰਘ ਵਿਰਕ ਨੇ ਮੈਂਬਰ ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਸ. ਜਤਿੰਦਰ ਸਿੰਘ ਸ਼ੰਟੀ (ਪਦਮਸ੍ਰੀ ਐਵਾਰਡੀ) ਨੂੰ ਜੀ ਆਇਆਂ ਕਿਹਾ ਅਤੇ ਕਿਹਾ ਕਿ ਕਮਿਸ਼ਨ ਮੈਂਬਰ ਦੇ ਜ਼ਿਲ੍ਹਿਆਂ ਦੇ ਦੌਰੇ ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਗਤੀਵਿਧੀਆਂ ਵਿੱਚ ਸਰਗਰਮੀ ਆ ਰਹੀ ਹੈ ਅਤੇ ਲੋਕ ਆਪਣੇ ਮਨੁੱਖੀ ਅਧਿਕਾਰਾਂ ਤੋਂ ਜਾਣੂੰ ਹੋ ਰਹੇ ਹਨ। ਓਨ੍ਹਾਂ ਕਿਹਾ ਕਿ ਇਹ ਸਭ ਤੋਂ ਵੱਡੀ ਸਮਾਜ ਸੇਵਾ ਹੈ।
ਇਸ ਸੈਮੀਨਾਰ ਦੌਰਾਨ ਵੱਖ ਵੱਖ ਸੰਸਥਾਵਾਂ, ਕਲੱਬਾਂ ਅਤੇ ਪੰਚਾਇਤਾਂ ਵਲੋਂ ਪਦਮਸ੍ਰੀ ਸ. ਜਤਿੰਦਰ ਸਿੰਘ ਸ਼ੰਟੀ ਦਾ ਸਨਮਾਨ ਕੀਤਾ ਗਿਆ।
ਇਸ ਮਗਰੋਂ ਸ. ਜਤਿੰਦਰ ਸਿੰਘ ਸ਼ੰਟੀ ਨੇ ਜੇਲ੍ਹ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਜੇਲ੍ਹਾਂ ਵਿੱਚ ਸਾਫ਼-ਸਫ਼ਾਈ, ਖਾਣੇ, ਪਖਾਨਿਆਂ ਸਮੇਤ ਬੁਨਿਆਦੀ ਸਹੂਲਤਾਂ, ਹੁਨਰ ਵਿਕਾਸ, ਖੇਡਾਂ ਆਦਿ ਗਤੀਵਿਧੀਆਂ ਬਾਰੇ ਜਾਇਜ਼ਾ ਲਿਆ। ਇਸ ਤੋਂ ਇਲਾਵਾ ਥਾਣਿਆਂ, ਚੌਂਕੀਆਂ ਵਿੱਚ ਸਹੂਲਤਾਂ, ਕੈਮਰਿਆਂ ਆਦਿ ਬਾਰੇ ਰਿਪੋਰਟ ਮੰਗੀ ਅਤੇ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਬਾਰੇ ਸਮਾਂਬੱਧ ਰਿਪੋਰਟ ਮੰਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਖੱਜਲ ਖੁਆਰੀ ਪੇਸ਼ ਨਾ ਆਉਣ ਦਿੱਤੀ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ, ਏ ਆਈ ਜੀ (ਜੇਲ੍ਹਾਂ) ਸ਼ਿਵਰਾਜ ਸਿੰਘ ਨੰਦਗੜ੍ਹ, ਐੱਸਡੀਐੱਮ ਮਹਿਲ ਕਲਾਂ ਬੇਅੰਤ ਸਿੰਘ, ਡੀ ਐੱਸ ਪੀ ਕੁਲਵਿੰਦਰ ਸਿੰਘ, ਗੁਰੂ ਗੋਬਿੰਦ ਸਿੰਘ ਕਾਲਜ ਦੇ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ, ਵਾਈਸ ਪ੍ਰਿੰਸੀਪਲ ਡਾ. ਮਨਦੀਪ ਕੌਰ, ਸੁਪਰਡੈਂਟ ਰੁਪਿੰਦਰ ਕੁਮਾਰ ਭਾਰਦਵਾਜ, ਸਕੂਲ ਪ੍ਰਿੰਸੀਪਲ ਅਰਵਿੰਦਰ ਕੌਰ ਜਵੰਧਾ ਅਤੇ ਵੱਖ ਵੱਖ ਸੰਸਥਾਵਾਂ ਦੇ ਅਹੁਦੇਦਾਰ, ਸਮਾਜਸੇਵੀ, ਇਲਾਕਾ ਵਾਸੀ ਤੇ ਵਿਦਿਆਰਥੀ ਮੌਜੂਦ ਸਨ।

