ਚੰਡੀਗੜ੍ਹ, 4 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਫਰੀਦਾਬਾਦ ਵਿੱਚ ਆਯੋਜਿਤ ‘ਧੰਨਵਾਦ ਅਤੇ ਵਿਕਸਿਤ ਫਰੀਦਾਬਾਦ ਰੈਲੀ’ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪਿਛਲੇ ਸਾਢੇ 11 ਸਾਲਾਂ ਵਿੱਚ ਫਰੀਦਾਬਾਦ ਵਿੱਚ ਇਨਫਰਾਸਟਰੱਕਚਰ, ਕਨੈਕਟੀਵਿਟੀ, ਉਦਯੋਗ, ਸਮਾਰਟ ਸਿਟੀ, ਮੈਟਰੋ ਵਿਸਤਾਰ ਅਤੇ ਡਿਜੀਟਲ ਸਹੂਲਤਾਂ ਦੇ ਖੇਤਰ ਵਿੱਚ ਬੇਮਿਸਾਲ ਕੰਮ ਹੋਏ ਹਨ। ਇਸੇ ਲੜੀ ਤਹਿਤ ਅੱਜ ਮੁੱਖ ਮੰਤਰੀ ਨੇ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਨਵੀਂ ਗਤੀ ਦਿੰਦੇ ਹੋਏ 120 ਕਰੋੜ 76 ਲੱਖ ਰੁਪਏ ਦੀ ਲਾਗਤ ਵਾਲੇ ਚਾਰ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਰੈਸਟ ਹਾਊਸ ਦੀ ਉਸਾਰੀ ‘ਤੇ 50 ਕਰੋੜ 61 ਲੱਖ ਰੁਪਏ, ਡਿਸਪੈਂਸਰੀ-ਕਮ-ਸੀਐਮਓ ਦਫ਼ਤਰ ਦੇ ਨਿਰਮਾਣ ‘ਤੇ 41 ਕਰੋੜ 70 ਲੱਖ ਰੁਪਏ, ਵੱਖ-ਵੱਖ ਖੇਤਰਾਂ ਵਿੱਚ ਸੀਵਰੇਜ ਲਾਈਨ ਵਿਛਾਉਣ ਦੇ ਕੰਮ ‘ਤੇ 25 ਕਰੋੜ ਰੁਪਏ ਅਤੇ ਓਲਡ ਫਰੀਦਾਬਾਦ ਵਿੱਚ ਸਕੂਲ ਦੀ ਇਮਾਰਤ ਦੇ ਨਿਰਮਾਣ ‘ਤੇ 3 ਕਰੋੜ 45 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਤੇ ਮੁੱਖ ਮੰਤਰੀ ਨੇ ਰਿਮੋਟ ਰਾਹੀ ਜੇਸੀ ਬੋਸ ਯੂਨੀਵਰਸਿਟੀ ਵਿੱਚ ਪਹਿਲਾਂ ਵਿੱਚ ਆਯੋਜਿਤ ਮੇਗਾ ਰੁਸ਼ਗਾਰ ਮੇਲੇ ਵਿੱਚ ਚੁਣੇ 1331 ਨੌਜੁਆਨਾਂ ਨੂੰ ਈ-ਨਿਯੁਕਤੀ ਪੱਤਰ ਵੀ ਜਾਰੀ ਕੀਤੇ।
ਸਵੱਛਤਾ ਮੁਹਿੰਮ ਨੂੰ ਜਨ ਅੰਦੋਲਨ ਬਣਾਉਣ ਦੀ ਅਪੀਲ
ਉਨ੍ਹਾਂ ਕਿਹਾ ਕਿ ਸਰਕਾਰ ਫਰੀਦਾਬਾਦ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਵਿੱਚ ਸ਼ਾਮਲ ਕਰਨ ਲਈ ਵਚਨਬੱਧ ਹੈ। ਇਸੇ ਉਦੇਸ਼ ਲਈ ਮੁੱਖ ਮੰਤਰੀ ਨੇ ‘ਸਵੱਛਤਾ ਸ਼ੁਭੰਕਰ’ ਅਤੇ ‘ਸਵੱਛਤਾ ਕਾਮਿਕ’ ਦੀ ਘੁੰਡ-ਚੁਕਾਈ ਕੀਤੀ ਅਤੇ ਸ਼ਹਿਰਵਾਸੀਆਂ ਨੂੰ ਸਵੱਛਤਾ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਦੀ ਅਪੀਲ ਕੀਤੀ।
ਸੀਐਮ ਐਲਾਨਾਂ ਅਤੇ ਸੰਕਲਪ ਪੱਤਰ ਦੇ ਵਾਅਦਿਆਂ ‘ਤੇ ਤੇਜ਼ੀ ਨਾਲ ਕੰਮ
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਖੇਤਰ ਵਿੱਚ ਪਿਛਲੇ ਸਾਢੇ 11 ਸਾਲਾਂ ਵਿੱਚ 44 ਸੀਐਮ ਐਲਾਨ ਕੀਤੇ ਗਏ, ਜਿਨ੍ਹਾਂ ਵਿੱਚੋਂ 24 ਪੂਰੀਆਂ ਹੋ ਚੁੱਕੀਆਂ ਹਨ, ਜਦੋਂ ਕਿ ਬਾਕੀ ‘ਤੇ ਕੰਮ ਤੇਜ਼ੀ ਨਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਦਿਖਾਉਂਦੀ ਹੈ। ਇਸ ਦਾ ਸਬੂਤ ਇਹ ਹੈ ਕਿ ਸੰਕਲਪ ਪੱਤਰ ਦੇ 217 ਵਿੱਚੋਂ 60 ਵਾਅਦੇ ਡੇਢ ਸਾਲ ਵਿੱਚ ਪੂਰੇ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਕਾਰਜ ਪ੍ਰਗਤੀ ਤੇ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵਿਕਸਿਤ ਭਾਰਤ 2047’ ਦੇ ਸੰਕਲਪ ਨੂੰ ਹਰਿਆਣਾ ‘ਵਿਕਸਿਤ ਹਰਿਆਣਾ’ ਰਾਹੀਂ ਸਾਕਾਰ ਕਰ ਰਿਹਾ ਹੈ। ਡਬਲ ਇੰਜਨ ਸਰਕਾਰ ਨੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੇ ਮੰਤਰ ਨੂੰ ਜ਼ਮੀਨੀ ਪੱਧਰ ‘ਤੇ ਉਤਾਰਿਆ ਹੈ।
ਅਫਵਾਹਾਂ ਤੋਂ ਬਚੋ, ਪੈਟਰੋਲ-ਡੀਜ਼ਲ ਅਤੇ ਗੈਸ ਦਾ ਕਾਫੀ ਸਟਾਕ ਉਪਲਬਧ
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਰਕਾਰ ਵਿਕਾਸ ਅਤੇ ਜਨਹਿਤ ਦੀ ਗੱਲ ਕਰਦੀ ਹੈ, ਤਾਂ ਵਿਰੋਧੀ ਧਿਰ ਦੇ ਕੁਝ ਨੇਤਾਵਾਂ ਨੂੰ ਇਹ ਪਸੰਦ ਨਹੀਂ ਆਉਂਦਾ ਅਤੇ ਉਹ ਸਿਰਫ ਗੁਮਰਾਹ ਫੈਲਾਉਣ ਅਤੇ ਝੂਠੇ ਵਾਅਦਿਆਂ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਪੈਟਰੋਲੀਅਮ ਉਤਪਾਦਾਂ ‘ਤੇ ਐਕਸਾਈਜ਼ ਡਿਊਟੀ ਘਟਾ ਕੇ ਜਨਤਾ ਨੂੰ ਰਾਹਤ ਦੇਣ ਦੇ ਫੈਸਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਨੇਤਾ ਵਿਸ਼ਵ ਦੀਆਂ ਸਥਿਤੀਆਂ ਦੌਰਾਨ ਵੀ ਸਸਤੀ ਰਾਜਨੀਤੀ ਕਰਕੇ ਜਨਤਾ ਵਿੱਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਸਰਕਾਰ ਪੂਰੀ ਸੰਵੇਦਨਸ਼ੀਲਤਾ ਨਾਲ ਸੂਬਾ ਵਾਸੀਆਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਹਰਿਆਣਾ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਸੂਬੇ ਦੇ 4,032 ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ ਕੋਲ ਕਾਫੀ ਸਟਾਕ ਉਪਲਬਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਘਬਰਾ ਕੇ ਬੇਲੋੜੀ ਖਰੀਦਦਾਰੀ ਤੋਂ ਬਚਣ।
ਹਰ ਵਰਗ ਲਈ ਜਨ-ਭਲਾਈਕਾਰੀ ਯੋਜਨਾਵਾਂ ਦਾ ਲਾਭ
ਮੁੱਖ ਮੰਤਰੀ ਨੇ ਸੂਬਾ ਸਰਕਾਰ ਦੀਆਂ ਜਨ-ਭਲਾਈਕਾਰੀ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੀਨਦਿਆਲ ਲਾਡੋ ਲਛਮੀ ਯੋਜਨਾ, 500 ਰੁਪਏ ਵਿੱਚ ਗੈਸ ਸਿਲੰਡਰ, ਫਸਲਾਂ ਦੀ ਐਮਐਸਪੀ ‘ਤੇ ਖਰੀਦ, ਫਸਲੀ ਮੁਆਵਜ਼ਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਸਮਾਜਿਕ ਸੁਰੱਖਿਆ ਪੈਨਸ਼ਨ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੁਸ਼ਮਾਨ ਭਾਰਤ-ਚਿਰਾਯੂ ਯੋਜਨਾ, ਮੁਫਤ ਡਾਇਲਸਿਸ ਅਤੇ ਬਿਨਾਂ ਪਰਚੀ-ਖਰਚੀ ਦੇ ਸਰਕਾਰੀ ਨੌਕਰੀਆਂ ਵਰਗੀਆਂ ਯੋਜਨਾਵਾਂ ਦਾ ਲਾਭ ਹਰ ਵਰਗ ਨੂੰ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਜਟ 2026-27 ਵਿੱਚ ਵੀ ਕਿਸਾਨਾਂ, ਮਹਿਲਾਵਾਂ, ਨੌਜਵਾਨਾਂ, ਮਜ਼ਦੂਰਾਂ ਅਤੇ ਗਰੀਬਾਂ ਲਈ ਕਈ ਵੱਡੇ ਫੈਸਲੇ ਲਏ ਗਏ ਹਨ। ਇਨ੍ਹਾਂ ਵਿੱਚ ਹਰਿਆਣਾ ਐਗਰੀ ਡਿਸਕੌਮ, ਘੱਟੋ-ਘੱਟ ਮਜਦੂਰੀ ਵਿੱਚ ਵਾਧਾ, 3 ਲੱਖ ਲਖਪਤੀ ਦੀਦੀ, 4 ਹਜ਼ਾਰ ਨਵੇਂ ਰਾਸ਼ਨ ਡਿਪੂ, ਅਗਨੀਵੀਰਾਂ ਲਈ 20 ਫੀਸਦੀ ਰਾਖਵਾਂ ਕਰਨ ਅਤੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਨਵੇਂ ਪਲਾਟਾਂ ਦੀ ਅਲਾਟਮੈਂਟ ਵਰਗੇ ਫੈਸਲੇ ਸ਼ਾਮਲ ਹਨ।
ਮੁੱਖ ਮੰਤਰੀ ਨੇ ਕਿਹਾ ਕਿ ‘ਵਿਕਸਿਤ ਫਰੀਦਾਬਾਦ’ ਕੇਵਲ ਇੱਕ ਸੁਪਨਾ ਨਹੀਂ ਹੈ, ਸਗੋਂ ਇੱਕ ਵਿਆਪਕ ਵਿਜ਼ਨ ਹੈ, ਜਿਸ ਵਿੱਚ ਹਰ ਨਾਗਰਿਕ ਨੂੰ ਬਿਹਤਰ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਉੱਚ ਜੀਵਨ ਪੱਧਰ ਮੁਹੱਈਆ ਹੋਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਫਰੀਦਾਬਾਦ ਦਾ ਵਿਕਾਸ ਕਿਸੇ ਵੀ ਕੀਮਤ ‘ਤੇ ਨਹੀਂ ਰੁਕੇਗਾ ਅਤੇ ਸਰਕਾਰ ਖੇਤਰ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੇਗੀ।
ਕੇਂਦਰੀ ਮੰਤਰੀ ਕ੍ਰਿਸ਼ਨਪਾਲ ਗੁੱਜਰ ਨੇ ਵਿਕਾਸ ਦੀਆਂ ਉਪਲੱਬਦੀਆਂ ਗਿਣਵਾਈਆਂ
ਇਸ ਮੌਕੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨਪਾਲ ਗੁੱਜਰ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਫਰੀਦਾਬਾਦ ਵਿੱਚ ਕੋਈ ਵਿਸ਼ੇਸ਼ ਵਿਕਾਸ ਕਾਰਜ ਨਹੀਂ ਹੋਇਆ ਸੀ, ਇਹ ਗੱਲ ਸਾਰਿਆਂ ਨੇ ਦੇਖੀ ਹੈ, ਪਰ ਪਿਛਲੇ 12 ਸਾਲਾਂ ਵਿੱਚ ਜੋ ਬੇਮਿਸਾਲ ਵਿਕਾਸ ਹੋਇਆ ਹੈ, ਉਸ ਨੂੰ ਅੱਜ ਦੇਸ਼ ਅਤੇ ਸੂਬੇ ਦੇ ਲੋਕ ਸਾਫ਼ ਦੇਖ ਰਹੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਕਾਫੀ ਬਿਜਲੀ ਮੁਹੱਈਆ ਨਹੀਂ ਕਰਵਾ ਪਾਉਂਦੀਆਂ ਸਨ, ਜਦਕਿ ਅੱਜ ਪਿੰਡਾਂ ਅਤੇ ਸ਼ਹਿਰਾਂ ਵਿੱਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਗਈ ਹੈ। ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹਰਿਆਣਾ ਵਿੱਚ ਸਿਰਫ਼ 500 ਕਿਲੋਮੀਟਰ ਹਾਈਵੇ ਬਣੇ ਸਨ, ਜਦਕਿ ਪਿਛਲੇ 12 ਸਾਲਾਂ ਵਿੱਚ ਇਹ ਅੰਕੜਾ ਵੱਧ ਕੇ 5,000 ਕਿਲੋਮੀਟਰ ਤੱਕ ਪਹੁੰਚ ਗਿਆ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਨੇ ਪਾਣੀ, ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਸਮੇਤ ਹਰ ਖੇਤਰ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ। ਐਲੀਵੇਟਿਡ ਐਕਸਪ੍ਰੈਸਵੇ, ਹਸਪਤਾਲਾਂ, ਕਾਲਜਾਂ ਅਤੇ ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਨ ਵਰਗੇ ਕੰਮਾਂ ਨੇ ਫਰੀਦਾਬਾਦ ਦੀ ਤਸਵੀਰ ਬਦਲ ਦਿੱਤੀ ਹੈ।
ਰੈਲੀ ਦੇ ਸੰਯੋਜਕ ਹਰਿਆਣਾ ਦੇ ਕੈਬਨਿਟ ਮੰਤਰੀ ਸ਼੍ਰੀ ਵਿਪੁਲ ਗੋਇਲ ਨੇ ਕਿਹਾ ਕਿ “ਵਿਕਸਿਤ ਫਰੀਦਾਬਾਦ” ਹੁਣ ਕੇਵਲ ਸੁਪਨਾ ਨਹੀਂ ਰਿਹਾ, ਸਗੋਂ ਤੇਜ਼ੀ ਨਾਲ ਹਕੀਕਤ ਵਿੱਚ ਬਦਲ ਰਿਹਾ ਹੈ। ਮੁੱਖ ਮੰਤਰੀ ਨੇ ਫਰੀਦਾਬਾਦ ਨੂੰ ਬਜਟ ਅਤੇ ਵਿਕਾਸ ਯੋਜਨਾਵਾਂ ਵਿੱਚ ਵੱਧ ਤੋਂ ਵੱਧ ਤਰਜੀਹ ਦੇ ਕੇ ਵਿਕਾਸ ਨੂੰ ਨਵੀਂ ਗਤੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਫਰੀਦਾਬਾਦ ਦੇ ਇੰਟਰਨੈਸ਼ਨਲ ਗਲੋਬਲ ਕਾਰੀਡੋਰ ਬਣਨ ਤੋਂ ਬਾਅਦ ਜੇਵਰ ਏਅਰਪੋਰਟ ਤੱਕ ਦੀ ਦੂਰੀ ਮਹਿਜ਼ 30 ਮਿੰਟਾਂ ਵਿੱਚ ਤੈਅ ਕੀਤੀ ਜਾ ਸਕੇਗੀ, ਜਿਸ ਨੂੰ ਮੌਜੂਦਾ ਸਮੇਂ ਵਿੱਚ ਲਗਭਗ ਦੋ ਘੰਟੇ ਲੱਗਦੇ ਹਨ। ਆਰਟੀਐਸ (ਰੀਜਨਲ ਟਰਾਂਜ਼ਿਟ ਸਿਸਟਮ) ਰਾਹੀਂ ਫਰੀਦਾਬਾਦ, ਗੁਰੂਗ੍ਰਾਮ ਅਤੇ ਨੋਇਡਾ ਵਿਚਕਾਰ ਦੂਰੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਫਰੀਦਾਬਾਦ ਨੂੰ ਹੜ੍ਹ ਮੁਕਤ ਬਣਾਉਣ ਦਾ ਸੰਕਲਪ ਲਿਆ ਹੈ ਅਤੇ ਇਸ ਦਿਸ਼ਾ ਵਿੱਚ ਯਤਨ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਫਰੀਦਾਬਾਦ ਹੁਣ ਹਰਿਆਣਾ ਦਾ ਨਵਾਂ ਅੰਤਰਰਾਸ਼ਟਰੀ ਸ਼ਹਿਰ ਬਣਨ ਵੱਲ ਵਧ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਹੋਈ ਐਫਐਮਡੀਏ (FMDA) ਦੀ ਮੀਟਿੰਗ ਵਿੱਚ ਫਰੀਦਾਬਾਦ ਦੇ ਵਿਕਾਸ ਕਾਰਜਾਂ ਲਈ 985 ਕਰੋੜ ਰੁਪਏ ਦੀ ਅਹਿਮ ਸੌਗਾਤ ਦਿੱਤੀ ਗਈ ਸੀ, ਜਿਸ ਲਈ ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਫਰੀਦਾਬਾਦ ਦੇ ਵਿਕਾਸ ਨਾਲ ਜੁੜੀਆਂ ਕੁਝ ਅਹਿਮ ਮੰਗਾਂ ਵੀ ਮੁੱਖ ਮੰਤਰੀ ਅੱਗੇ ਰੱਖੀਆਂ।
ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਮੋਹਨ ਲਾਲ ਬੜੌਲੀ, ਰਾਜ ਮੰਤਰੀ ਸ਼੍ਰੀ ਰਾਜੇਸ਼ ਨਾਗਰ, ਸ਼੍ਰੀ ਗੌਰਵ ਗੌਤਮ, ਵਿਧਾਇਕ ਸ਼੍ਰੀ ਮੂਲਚੰਦ ਸ਼ਰਮਾ, ਸ਼੍ਰੀ ਸਤੀਸ਼ ਫਾਗਨਾ, ਸ਼੍ਰੀ ਧਨੇਸ਼ ਅਦਲਖਾ, ਸ਼੍ਰੀ ਹਰਿੰਦਰ ਸਿੰਘ ਵੀ ਹਾਜ਼ਰ ਸਨ।

