ਚੰਡੀਗੜ੍ਹ, 8 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਹਰਿਆਣਾ ਏਆਈ ਡਿਵੈਲਪਮੈਂਟ ਪ੍ਰੋਗਰਾਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ। ਲਗਭਗ 474 ਕਰੋੜ ਦੀ ਇਸ ਅਭਿਲਾਸ਼ੀ ਪਹਿਲਕਦਮੀ ਨੂੰ ਵਿਸ਼ਵ ਬੈਂਕ ਦੇ ਵਿੱਤੀ ਸਹਿਯੋਗ ਨਾਲ ਪੀਪੀਪੀ ਮਾਡਲ ‘ਤੇ ਲਾਗੂ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਐਮਡੀ ਹਾਰਟ੍ਰੋਨ ਸ਼੍ਰੀ ਜੇ. ਗਣੇਸ਼ਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਪ੍ਰੋਗਰਾਮ ਦੀ ਸ਼ੁਰਆਤੀ ਪ੍ਰੋਜੈਕਟ ਰਿਪੋਰਟ ਜਨਵਰੀ 2026 ਵਿੱਚ ਭਾਰਤ ਸਰਕਾਰ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵੱਲੋਂ ਮੰਜ਼ੂਰ ਕੀਤੀ ਜਾ ਚੁੱਕੀ ਹੈ। ਇਹ ਮੰਜ਼ੂਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਤੇ ਨੀਤੀ ਆਯੋਗ ਦੀ ਸਹਿਮਤੀ ਤੋਂ ਬਾਅਦ ਦਿੱਤੀ ਗਈ ਸੀ। ਪ੍ਰੋਗਰਾਮ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਆਗਾਮੀ ਜੂਨ 2026 ਤੱਕ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਅਭਿਲਾਸ਼ੀ ਪ੍ਰੋਗਰਾਮ ਨੂੰ ਸਮੇਂ ਸਿਰ ਲਾਗੂ ਕੀਤਾ ਜਾਵੇ, ਤਾਂ ਜੋ ਰਾਜ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ।
ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰੋਗਰਾਮ ਤਹਿਤ ਇੱਕ ਲੱਖ ਤੋਂ ਵੱਧ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਸਿਖਲਾਈ ਦੇਣ ਅਤੇ 100 ਤੋਂ ਵੱਧ ਸਟਾਰਟਅੱਪਸ ਨੂੰ ਇਨਕਿਊਬੇਟ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਹ ਪਹਿਲਕਦਮੀ ਭਾਰਤੀ ਏਆਈ ਮਿਸ਼ਨ ਦੇ ਪੰਜ ਮੁੱਖ ਸਤੰਭਾਂ – ਸਕਿਲਿੰਗ ਅਤੇ ਵਰਕਫੋਰਸ ਡਿਵੈਲਪਮੈਂਟ, ਸਟਾਰਟਅੱਪ ਫਾਈਨਾਂਸਿੰਗ ਅਤੇ ਇਨਕਿਊਬੇਸ਼ਨ, ਕੰਪਿਊਟਰ ਅਤੇ ਡੇਟਾ ਸੈੱਟ, ਯੂਜ਼ ਕੇਸ ਅਤੇ ਐਪਲੀਕੇਸ਼ਨ ਅਤੇ ਐਥੀਕਲ ਏਆਈ ਗਵਰਨੈਂਸ ‘ਤੇ ਅਧਾਰਤ ਹੈ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਵਿਸ਼ਵ ਬੈਂਕ ਮਿਸ਼ਨ ਟੀਮ ਨੇ 6 ਅਤੇ 7 ਅਪ੍ਰੈਲ ਨੂੰ ਪੰਚਕੂਲਾ ਵਿੱਚ ਦੋ ਦਿਨਾਂ ਦੌਰਾ ਕੀਤਾ। ਦੌਰੇ ਦੌਰਾਨ ਵੱਖ-ਵੱਖ ਵਿਭਾਗਾਂ ਨੂੰ ਏਆਈ ਦੇ ਸੰਭਾਵੀ ਵਰਤੋਂ ਦੇ ਮਾਮਲਿਆਂ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ। ਇਸ ਵਿੱਚ ਵਿਭਾਗਾਂ ਨੂੰ ਆਪਣੇ ਸੁਝਾਅ ਪੇਸ਼ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਤਰਜੀਹੀ ਵਰਤੋਂ ਦੇ ਮਾਮਲਿਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਰਾਜ ਸਰਕਾਰ ਏਆਈ ਇਨੋਵੇਸ਼ਨ ਸੈਂਡਬਾਕਸ ਸਥਾਪਤ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕਰ ਰਹੀ ਹੈ, ਜੋ “ਨਿਵੇਸ਼ ਤੋਂ ਪਹਿਲਾਂ ਪ੍ਰੀਖਣ” ਪਲੇਟਫਾਰਮ ਵਜੋਂ ਕੰਮ ਕਰੇਗਾ। ਇਸ ਰਾਹੀਂ ਵੱਖ-ਵੱਖ ਖੇਤਰਾਂ ਵਿੱਚ ਏਆਈ ਹੱਲਾਂ ਦੀ ਪਛਾਣ, ਪੁਸ਼ਟੀ ਅਤੇ ਪਾਇਲਟ ਟੈਸਟਿੰਗ ਕੀਤੀ ਜਾਵੇਗੀ। ਇਹ ਸੈਂਡਬਾਕਸ ਪੂਰੀ ਤਰ੍ਹਾਂ ਵਿਸ਼ਵ ਬੈਂਕ ਦੁਆਰਾ ਫੰਡ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਦੋ ਪ੍ਰਮੁੱਖ ਏਆਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਹੈ। ਪੰਚਕੂਲਾ ਵਿੱਚ ਸੌਫਟਵੇਅਰ ਟੈਕਨਾਲੋਜੀ ਪਾਰਕਸ ਆਫ ਇੰਡੀਆ ਦੇ ਸਹਿਯੋਗ ਨਾਲ ਹਰਿਆਣਾ ਐਡਵਾਂਸਡ ਕੰਪਿਊਟਿੰਗ ਫੈਸਿਲਿਟੀ ਸਥਾਪਤ ਕੀਤੀ ਜਾਵੇਗੀ, ਜੋ ਉੱਚ-ਸਮਰੱਥਾ ਵਾਲੇ ਕੰਪਿਊਟਿੰਗ ਖੋਜ ਕੇਂਦਰ ਵਜੋਂ ਕੰਮ ਕਰੇਗੀ। ਇਸ ਤੋਂ ਇਲਾਵਾ ਗੁਰੂਗ੍ਰਾਮ ਵਿੱਚ ਨਾਸਕੌਮ ਦੇ ਸਹਿਯੋਗ ਨਾਲ ਗਲੋਬਲ ਆਰਟੀਫੀਸ਼ੀਅਲ ਇੰਟੈਲੀਜੈਂਸ ਸੈਂਟਰ ਸਥਾਪਤ ਕੀਤਾ ਜਾਵੇਗਾ, ਜੋ ਸਟਾਰਟਅੱਪ ਇਨਕਿਊਬੇਸ਼ਨ ਅਤੇ ਉਦਯੋਗਿਕ ਸਹਿਯੋਗ ਨੂੰ ਹੁਲਾਰਾ ਦੇਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਹਰਿਆਣਾ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਮੋਹਰੀ ਰਾਜ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਅਤੇ ਉੱਦਮਤਾ ਦੇ ਨਵੇਂ ਮੌਕੇ ਪੈਦਾ ਕਰੇਗਾ।

