ਤਰਨ ਤਾਰਨ, 08 ਜਨਵਰੀ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਅਤੇ ਜ਼ਿਲਾ ਟੀਕਾਕਰਨ ਅਫਸਰ ਕਮ ਨੋਡਲ ਅਫ਼ਸਰ ਵਰਿੰਦਰ ਪਾਲ ਕੌਰ ਦੀ ਅਗਵਾਈ ਹੇਠ ਵੀਰਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਜ਼ਿਲ੍ਹਾ ਪੱਧਰੀ ਹਿਊਮਨ ਪੈਪੀਲੋਮਾ ਵਾਇਰਸ (ਐਚ.ਪੀ.ਵੀ ) ਵੈਕਸੀਨ ਕੈਪਸਿਟੀ ਬਿਲਡਿੰਗ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਮੈਡੀਕਲ ਅਫਸਰਾਂ, ਬਲਾਕ ਐਕਸਟੈਂਸ਼ਨ ਐਜੂਕੇਰਾਂ, ਮਲਟੀ ਪਰਪਜ ਹੈਲਥ ਸੁਪਰਵਾਈਜ਼ਰਜ (ਫੀਮੇਲ) ਅਤੇ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਐਚਪੀਵੀ ਵੈਕਸੀਨ ਵਿਸ਼ੇਸ਼ ਤੌਰ ‘ਤੇ 14 ਸਾਲਾਂ ਦੀ ਉਮਰ ਪੂਰੀ ਕਰ ਚੁਕੀਆਂ ਲੜਕੀਆਂ ਨੂੰ ਜ਼ਿਲੇ ਭਰ ਦੇ ਵਿੱਚ ਸਿਹਤ ਕਰਮੀਆਂ ਵੱਲੋਂ ਬਿਲਕੁਲ ਮੁਫਤ ਲਗਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਵੈਕਸੀਨ ਨੂੰ ਲਗਾਉਣ ਦਾ ਮੁੱਖ ਮੰਤਵ ਬੱਚਿਆਂ ਨੂੰ ਸਰਵਿਕਸ ( ਬੱਚੇਦਾਨੀ ਦੇ ਮੂੰਹ ) ਦੇ ਕੈਂਸਰ ਤੋਂ ਬਚਾਉਣ ਦੇ ਨਾਲ ਨਾਲ ਗੁਪਤ ਅੰਗਾਂ ਦੇ ਰੋਗਾਂ ਤੋਂ ਬਚਾਉਣਾ ਹੈ।
ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਔਰਤਾਂ ਚ ਹੋਣ ਵਾਲੇ ਸਰਵਿਕਸ ਕੈਂਸਰ ਦੀ ਰੋਕਥਾਮ ਲਈ ਐਚਪੀ ਵੀ ਵੈਕਸੀਨ ਭਾਰਤ ਸਮੇਤ ਕਈ ਮੁਲਕਾਂ ਦੇ ਵਿੱਚ ਪਹਿਲਾਂ ਤੋਂ ਹੀ ਲਗਾਈ ਜਾ ਰਹੀ ਹੈ ਅਤੇ ਇਹ ਟੀਕਾ ਵਿਸ਼ਵ ਸਿਹਤ ਸੰਸਥਾ ਤੋਂ ਪ੍ਰਮਾਣਿਤ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਸਿਹਤ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਇਹ ਵੈਕਸੀਨ ਬਿਲਕੁਲ ਮੁਫਤ ਲਗਾਈ ਜਾਵੇਗੀ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੱਸਿਆ ਕਿ ਸਿਹਤ ਕਰਮੀਆਂ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਉਣ ਕਿਸ ਜ਼ਿਲੇ ਭਰ ਦੇ ਵਿੱਚ ਯੋਗ ਬੱਚਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਐਚਪੀਵੀ ਦਾ ਟੀਕਾ ਲਗਾਇਆ ਜਾਵੇ ਅਤੇ ਮਿਥੇ ਗਏ 100 ਫੀਸਦੀ ਟੀਚੇ ਨੂੰ ਪ੍ਰਾਪਤ ਕੀਤਾ ਜਾਵੇ।
ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਐਚਪੀਵੀ ਵੈਕਸੀਨ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ। ਉਹਨਾਂ ਕਿਹਾ ਕਿ ਵਰਕਸ਼ਾਪ ਦੌਰਾਨ ਦੱਸਿਆ ਗਿਆ ਕਿ ਐਚਪੀ ਵੀ ਵੈਕਸੀਨ ਦੀ ਖ਼ੁਰਾਕ (ਡੋਜ) 14 ਸਾਲਾਂ ਦੇ ਲੜਕੀਆਂ ਨੂੰ ਲਗਾਈ ਜਾਵੇਗੀ।
ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਜ਼ਿਲੇ ਦੇ ਵਿੱਚ ਐਚਪੀਵੀ ਵੈਕਸੀਨ ਲਗਾਉਣ ਦੇ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਟੀਕਾਕਰਨ ਕੈਂਪਾਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਲਾਭਪਾਤਰੀ ਬੱਚੀਆਂ ਨੂੰ ਸਮੇਂ ਸਿਰ ਇਸ ਵੈਕਸੀਨ ਨੂੰ ਲਗਾਇਆ ਜਾ ਸਕੇ।
ਜਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਜੇਕਰ ਐਚਪੀਵੀ ਵੈਕਸੀਨ ਬੱਚੇ ਨੂੰ ਸਮੇਂ ਸਿਰ ਲਗਾਈ ਜਾਵੇ ਤਾਂ ਸਰਵਿਕਸ ਕੈਂਸਰ ਵਰਗੀ ਬਿਮਾਰੀ ਦੇ ਹੋਣ ਦੇ ਖਦਸ਼ੇ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਲਗਵਾਉਣ ਨਾਲ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਜੇਕਰ ਕੋਈ ਲੜਕੀ ਕਿਸੇ ਬਿਮਾਰੀ ਤੋਂ ਪਹਿਲਾਂ ਹੀ ਪੀੜਿਤ ਹੈ ਜਾਂ ਫਿਰ ਲੰਮਾ ਸਮਾਂ ਚੱਲਣ ਵਾਲੀ ਦਵਾਈ ਖਾ ਰਹੀ ਹੈ ਤਾਂ ਅਜਿਹਾ ਹਲਾਤਾਂ ਦੇ ਵਿੱਚ ਉਸ ਬੱਚੀ ਨੂੰ ਇਹ ਵੈਕਸੀਨ ਨਹੀਂ ਲਗਾਈ ਜਾਵੇਗੀ।
ਉਹਨਾਂ ਕਿਹਾ ਕਿ ਐਚਪੀਵੀ ਵੈਕਸੀਨ ਨੂੰ ਸਿਹਤ ਕਰਮੀਆਂ ਵੱਲੋਂ ਹਰ ਹਫਤੇ ਬੁੱਧਵਾਰ ਨੂੰ ਲੱਗਣ ਵਾਲੇ ਮਮਤਾ ਦਿਵਸ ਸੈਸ਼ਨਾ ਦੌਰਾਨ ਲਗਾਇਆ ਜਾਵੇਗਾ ਅਤੇ ਸਿਹਤ ਕਰਮੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸ਼ਹਿਰ ਅਤੇ ਪਿੰਡਾਂ ਤੋਂ ਇਲਾਵਾ ਹਾਈ ਰਿਸਕ ਆਬਾਦੀ ਜਿਵੇਂ ਕਿ ਇੱਟਾਂ ਦੇ ਭੱਠੇ ਝੁਗੀਆਂ ਅਤੇ ਗੁਜਰਾਂ ਦੇ ਡੇਰਿਆਂ ਤੇ ਜਾ ਕੇ ਵੀ ਐਚਪੀ ਵੀ ਵੈਕਸੀਨ ਬਾਰੇ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਕਰਨ ਤਾਂ ਜੋ ਇਸ ਦਾ ਲਾਭ ਹਰ ਇੱਕ ਯੋਗ ਲਾਭਪਾਤਰੀ ਪ੍ਰਾਪਤ ਕਰ ਸਕੇ।
ਜ਼ਿਲਾ ਟੀਕਾਕਰਨ ਡਾ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਇਸ ਵੈਕਸੀਨ ਦੀ ਐਂਟਰੀ ਸਿਹਤ ਕਰਮੀਆਂ ਵੱਲੋਂ ਯੂ-ਵਿਨ ਪੋਰਟਲ ਤੇ ਕੀਤੀ ਜਾਵੇਗੀ ਅਤੇ ਨਾਲ ਹੀ ਕੋਲਡ ਚੇਨ ਮੈਨੇਜਮੈਂਟ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਡਾਕਟਰ ਵਰਿੰਦਰ ਪਾਲ ਕੌਰ ਨੇ ਕਿਹਾ ਕਿ ਅੱਜ ਦੀ ਵਰਕਸ਼ਾਪ ਦੌਰਾਨ ਤਿਆਰ ਕੀਤੇ ਗਏ ਟਰੇਨਰਾਂ ਵੱਲੋਂ ਆਪਣੇ ਆਪਣੇ ਬਲਾਕਾਂ ਦੇ ਵਿੱਚ ਐਚਪੀਵੀ ਵੈਕਸੀਨ ਕਪੈਸਿਟੀ ਬਿਲਡਿੰਗ ਟ੍ਰੇਨਿੰਗ ਵਰਕਸ਼ਾਪਾਂ ਲਗਾਈਆਂ ਜਾਣਗੀਆਂ ਤਾਂ ਜੋ ਹਰ ਇੱਕ ਸਿਹਤ ਕਰਮੀਆਂ ਨੂੰ ਐਚਪੀ ਵੀ ਵੈਕਸੀਨ ਬਾਰੇ ਪਤਾ ਚੱਲ ਸਕੇ।
ਇਸ ਮੌਕੇ ਬੱਚਿਆਂ ਦੇ ਮਾਹਿਰ ਡਾਕਟਰ ਵਿਪੂਲ, ਜਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ, ਵੀਸੀਸੀਐਮ ਸ਼੍ਰੀ ਮਨਦੀਪ ਸਿੰਘ ਕੰਪਿਊਟਰ ਸਹਾਇਕ ਸ੍ਰੀ ਸੰਦੀਪ ਸਿੰਘ ਆਦਿ ਮੌਜੂਦ ਰਹੇ।

