ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ

ਫਰੀਦਕੋਟ 24 ਜਨਵਰੀ
ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ  26 ਜਨਵਰੀ 2026 ਨੂੰ  ਗਣਤੰਤਰ ਦਿਵਸ ਸਮਾਗਮ ਪੂਰੇ ਉਤਸਾਹ ਨਾਲ ਮਨਾਇਆ ਜਾਵੇਗਾ ਤੇ ਇਸ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਹੋਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਫੁੱਲ ਡਰੈਸ ਰਿਹਸਲ ਦਾ ਜਾਇਜਾ ਲੈਣ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ  ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੌਰਾਨ ਸਭਿਆਚਾਰਕ ਪ੍ਰੋਗਰਾਮ ਦੇਸ਼ ਭਗਤੀ ਨਾਲ ਭਰਪੂਰ ਹੋਵੇਗਾ, ਇਸ ਲਈ ਵੱਖ-ਵੱਖ ਸਕੂਲਾਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਕੋਰੀਓਗ੍ਰਾਫੀਆਂ, ਪੀ.ਟੀ.ਸ਼ੋਅ ਦੀ ਰਿਹਰਸਲ ਕਰਵਾਈ ਜਾ ਰਹੀ ਹੈ। । ਉਨ੍ਹਾਂ ਕਿਹਾ ਕਿ ਸਕੂਲ ਮੁੱਖੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਪੋ—ਆਪਣੇ ਵਿਭਾਗ ਨਾਲ ਸਬੰਧਤ ਡਿਉਟੀ ਤੈਅ ਸਮੇਂ ਅੰਦਰ ਮੁਕੰਮਲ ਕਰ ਲੈਣ।
 ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸਭਿਆਚਰਕ ਪ੍ਰੋਗਰਾਮ ਜਿਸ ਵਿਚ ਦੇਸ਼-ਭਗਤੀ ਨੂੰ ਦਰਸਾਉਂਦੀਆਂ ਕੋਰੀਓਗ੍ਰਾਫੀ, ਗਿੱਧਾ ਅਤੇ ਭੰਗੜਾ ਆਦਿ ਪੇਸ਼ ਕੀਤੇ ਜਾਣਗੇ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਭਲਾਈ ਅਤੇ ਵਿਕਾਸ ਦੇ ਕੰਮਾਂ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਜਾਣਗੀਆਂ।
ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ  ਸਮਾਗਮ ਸਬੰਧੀ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਫ਼-ਸਫਾਈ, ਪੀਣ ਵਾਲੇ ਪਾਣੀ, ਬਿਜਲੀ, ਮੈਡੀਕਲ ਟੀਮਾਂ ਆਦਿ ਸਮੇਤ ਟ੍ਰੈਫਿਕ ਵਿਵਸਥਾ, ਪਾਰਕਿੰਗ ਦੇ ਪੁਖ਼ਤਾ ਪ੍ਰਬੰਧ ਸਮੇਂ ਸਿਰ ਕਰ ਲਏ ਜਾਣ ਤਾਂ ਜੋ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।  ਉਨ੍ਹਾਂ ਹਦਾਇਤ ਕੀਤੀ ਕਿ ਗਣਤੰਤਰ ਦਿਵਸ ਸਮਾਗਮ ਦੇ ਪ੍ਰਬੰਧਾਂ ਅਤੇ ਸੁਰੱਖਿਆ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸਤ ਨਹੀਂ ਕੀਤੀ ਜਾਵੇਗੀ।
ਐਸਐਸਪੀ ਡਾ.ਪ੍ਰਗਿਆ ਜੈਨ ਨੇ ਕਿਹਾ ਕਿ ਗਣਤੰਤਰ ਦਿਵਸ ਸਬੰਧੀ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਟਰੈਫਿਕ ਵਿਵਸਥਾ ਸਬੰਧੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਪਾਰਕਿੰਗ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਜਿਸ ਨਾਲ ਸੁਰੱਖਿਆ ਪ੍ਰਬੰਧਾਂ ਨੂੰ ਖਤਰਾ ਪੈਦਾ ਹੋ ਸਕਦਾ ਹੈ ਇਸ ਸਬੰਧੀ 112 ਤੇ ਫੋਨ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਜੋਤ ਕੌਰ, ਐਸ.ਡੀ.ਐਮ ਫ਼ਰੀਦਕੋਟ  ਮੇਜਰ ਵਰੁਣ ਕੁਮਾਰ, ਸਹਾਇਕ ਕਮਿਸ਼ਨਰ  ਸ.ਗੁਰਕਿਰਨਦੀਪ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ.ਬਲਜਿੰਦਰ ਸਿੰਘ, ਡੀ.ਪੀਓ ਰਤਨਦੀਪ ਸੰਧੂ, ਡੀ.ਈ.ਓ ਐਲੀਮੈਂਟਰੀ ਅੰਜਨਾ ਕੌਂਸਲ, ਡੀ.ਈ.ਓ ਸੈਕੰਡਰੀ ਨੀਲਮ ਰਾਣੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਨਵੀਨ ਗੜਵਾਲ, ਰੈਡ ਕਰਾਸ ਸੈਕਟਰੀ ਮਨਦੀਪ ਮੌਂਗਾ, ਜਸਬੀਰ ਜੱਸੀ ਜ਼ਿਲਾ ਗਾਈਡੈਂਸ ਐਂਡ ਕੌਂਸਲਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *