ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜਬਾ ਤਹਿਸੀਲ ਕੰਪਲੈਕਸ ਦੀ ਅਚਨਚੇਤ ਚੈਕਿੰਗ; ਗੈਰਹਾਜ਼ਰ ਪਾਏ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ

ਦਿੜਬਾ,  09 ਦਸੰਬਰ

ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਤਹਿਸੀਲ ਕੰਪਲੈਕਸ ਦਿੜਬਾ ਵਿੱਚ ਅਚਨਚੇਤ ਚੈਕਿੰਗ ਕਰਦਿਆਂ ਪ੍ਰਸ਼ਾਸਕੀ ਪ੍ਰਬੰਧਾਂ ਦੀ ਖੁਦ ਸਮੀਖਿਆ ਕੀਤੀ। ਚੈਕਿੰਗ ਦੌਰਾਨ ਕਈ ਮੁਲਾਜ਼ਮ ਦਫ਼ਤਰ ਵਿੱਚ ਹਾਜ਼ਰ ਨਹੀਂ ਮਿਲੇ, ਜਿਸ ‘ਤੇ ਕੈਬਨਿਟ ਮੰਤਰੀ ਨੇ ਕੜੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲੋਕਾਂ ਵੱਲੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਮੁਲਾਜ਼ਮ ਅਤੇ ਅਧਿਕਾਰੀ ਦੁਪਹਿਰ ਤੋਂ ਬਾਅਦ ਦਫਤਰ ਨਹੀਂ ਬੈਠਦੇ, ਜਿਸ ਕਾਰਨ ਆਮ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਖ਼ਾਸ ਤੌਰ ‘ਤੇ ਅੱਜ ਅਚਾਨਕ ਚੈਕਿੰਗ ਕੀਤੀ ਗਈ ਹੈ।

ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਸਰਵਜਨਿਕ ਸੇਵਾਵਾਂ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਿਹੜੇ ਮੁਲਾਜ਼ਮ ਗੈਰਹਾਜ਼ਰ ਮਿਲੇ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜਬਾ ਵਿੱਚ ਕਰੀਬ 08 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣ ਰਹੇ ਇੰਡੋਰ ਖੇਡ ਸਟੇਡੀਅਮ ਦੇ ਨਿਰਮਾਣ ਕੰਮ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਦਿੜਬਾ ਕਬੱਡੀ ਲਈ ਤਾਂ ਪਹਿਲਾਂ ਤੋਂ ਹੀ ਪ੍ਰਸਿੱਧ ਹੈ, ਪਰ ਹੁਣ ਇਸ ਸਟੇਡੀਅਮ ਦੇ ਤਿਆਰ ਹੋਣ ਉਪਰੰਤ ਇਸ ਖੇਤਰ ਨੂੰ 11 ਹੋਰ ਖੇਡਾਂ ਦੀ ਸਹੂਲਤ ਵੀ ਪ੍ਰਾਪਤ ਹੋਵੇਗੀ। ਇਸ ਨਾਲ ਨਾਂ ਕੇਵਲ ਦਿੜਬਾ, ਬਲਕਿ ਨੇੜਲੇ ਪਿੰਡਾਂ ਦੇ ਉਭਰਦੇ ਖਿਡਾਰੀਆਂ ਨੂੰ ਵੀ ਬਿਹਤਰ ਖੇਡ ਢਾਂਚਾ ਪ੍ਰਦਾਨ ਹੋਵੇਗਾ ਅਤੇ ਇੱਥੋਂ ਭਵਿੱਖ ਵਿੱਚ ਕੌਮੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਜਨਮ ਲੈਣਗੇ।

ਉਨ੍ਹਾਂ ਨੇ ਦੱਸਿਆ ਕਿ ਚੈਕਿੰਗ ਦਾ ਇੱਕ ਮੁੱਖ ਮਕਸਦ ਇਹ ਵੀ ਸੀ ਕਿ ਸਟੇਡੀਅਮ ਦੇ ਨਿਰਮਾਣ ਵਿੱਚ ਵਰਤੀ ਜਾ ਰਹੀ ਸਮੱਗਰੀ ਦੀ ਕੁਆਲਿਟੀ ਅਤੇ ਮਾਪਦੰਡਾਂ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇ। ਕੈਬਨਿਟ ਮੰਤਰੀ ਨੇ ਭਰੋਸਾ ਦਵਾਇਆ ਕਿ ਇਹ ਖੇਡ ਪ੍ਰੋਜੈਕਟ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਮੁਕੰਮਲ ਕਰਕੇ ਖਿਡਾਰੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ, ਸਮਾਜ ਸੇਵੀ, ਖਿਡਾਰੀ ਅਤੇ ਦਿੜਬਾ ਸਮੇਤ ਵੱਖ-ਵੱਖ ਪਿੰਡਾਂ ਤੋਂ ਆਏ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Reply

Your email address will not be published. Required fields are marked *