ਧੂਰੀ, 31 ਦਸੰਬਰ:
ਅੰਤਰਰਾਸ਼ਟਰੀ ਸਹਿਕਾਰੀ ਵਰ੍ਹੇ ਦੇ ਤਹਿਤ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਧੂਰੀ ਵੱਲੋਂ ਸਹਿਕਾਰੀ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਸਬੰਧੀ ਇੱਕ ਸਿੱਖਿਆਤਮਕ ਪ੍ਰੋਗਰਾਮ ਬੈਂਕ ਦੇ ਚੇਅਰਮੈਨ ਸਤਵੰਤ ਸਿੰਘ ਭੱਦਲਵੜ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਬੈਂਕ ਮੈਨੇਜਰ ਸੁਰਿੰਦਰ ਗਰਗ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਏ ਮਹਿਮਾਨਾਂ ਅਤੇ ਕਿਸਾਨ ਮੈਂਬਰਾਂ ਦਾ ਸਵਾਗਤ ਕੀਤਾ ਗਿਆ।
ਆਪਣੇ ਸੰਬੋਧਨ ਦੌਰਾਨ ਚੇਅਰਮੈਨ ਸਤਵੰਤ ਸਿੰਘ ਭੱਦਲਵੜ ਨੇ ਸਹਿਕਾਰਤਾ ਦੇ ਮੂਲ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ’ਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਕਿ ਸਹਿਕਾਰਤਾ ਇੱਕ ਅਜਿਹੀ ਪ੍ਰਣਾਲੀ ਹੈ ਜੋ ਆਪਸੀ ਮਿਲਜੁਲ, ਭਰੋਸੇ ਅਤੇ ਸਹਿਯੋਗ ’ਤੇ ਆਧਾਰਿਤ ਹੈ। ਉਨ੍ਹਾਂ ਦੱਸਿਆ ਕਿ ਸਹਿਕਾਰਤਾ ਦੇ ਮੁੱਖ ਸਿਧਾਂਤਾਂ ਵਿੱਚ ਸਵੈ-ਇੱਛੁਕ ਅਤੇ ਖੁੱਲੀ ਮੈਂਬਰਸ਼ਿਪ, ਲੋਕਤੰਤਰਿਕ ਨਿਯੰਤਰਣ, ਮੈਂਬਰਾਂ ਦੀ ਆਰਥਿਕ ਭਾਗੀਦਾਰੀ, ਖੁਦਮੁਖਤਿਆਰੀ, ਸਿੱਖਿਆ, ਸਚਾਈ, ਇਮਾਨਦਾਰੀ, ਆਪਸੀ ਸਹਿਯੋਗ ਅਤੇ ਸਮੁਦਾਇ ਦੀ ਭਲਾਈ ਸ਼ਾਮਲ ਹਨ। ਇਹ ਸਾਰੇ ਸਿਧਾਂਤ ਨਾ ਸਿਰਫ਼ ਵਿਅਕਤੀਗਤ ਤਰੱਕੀ, ਸਗੋਂ ਸਮੂਹ ਸਮਾਜ ਦੇ ਵਿਕਾਸ ਲਈ ਵੀ ਪ੍ਰੇਰਕ ਹਨ।
ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਸਹਿਕਾਰੀ ਸਿਧਾਂਤਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਪਣਾ ਕੇ ਇੱਕ ਮਜ਼ਬੂਤ ਅਤੇ ਸਚੁੱਜੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਇਆ ਜਾਵੇ।
ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਸਹਾਇਕ ਜਨਰਲ ਮੈਨੇਜਰ ਸ਼ੇਲੈਂਦਰ ਕੁਮਾਰ ਗਰਗ ਨੇ ਹਾਜ਼ਰ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਹਿਕਾਰਤਾ ਦਾ ਅਸਲ ਅਰਥ ਮਿਲਜੁਲ ਕੇ ਅੱਗੇ ਵਧਣਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਸਿਧਾਂਤ ਸਾਨੂੰ ਸਿਖਾਉਂਦੇ ਹਨ ਕਿ ਹਰ ਮੈਂਬਰ ਬਰਾਬਰ ਹੈ ਅਤੇ ਫੈਸਲੇ ਲੋਕਤੰਤਰਿਕ ਢੰਗ ਨਾਲ ਲਏ ਜਾਂਦੇ ਹਨ। ਆਪਸੀ ਸਹਿਯੋਗ, ਇਮਾਨਦਾਰੀ, ਸਮਾਨਤਾ ਅਤੇ ਸਮਾਜਿਕ ਜ਼ਿੰਮੇਵਾਰੀ ਸਹਿਕਾਰੀ ਲਹਿਰ ਦੀ ਮਜ਼ਬੂਤ ਨੀਂਹ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਵੱਧ ਤੋਂ ਵੱਧ ਲੋਕ ਸਹਿਕਾਰਤਾ ਲਹਿਰ ਨਾਲ ਜੁੜ ਕੇ ਸਹਿਕਾਰੀ ਸਕੀਮਾਂ ਦਾ ਲਾਭ ਉਠਾਉਣ।
ਇਸ ਸਮਾਗਮ ਦੌਰਾਨ ਬੈਂਕ ਦੀ ਮੀਤ ਪ੍ਰਧਾਨ ਸ੍ਰੀਮਤੀ ਸੰਦੀਪ ਕੌਰ ਇਸੀ, ਕਮੇਟੀ ਮੈਂਬਰ ਜਸਵਿੰਦਰ ਕੌਰ, ਕਰਮਜੀਤ ਸਿੰਘ ਬਟੂਹਾ, ਗੁਰਪ੍ਰੀਤ ਸਿੰਘ ਸੇਖੋਂ, ਗੁਰਭੇਜ਼ ਸਿੰਘ ਨਾਗਰਾ, ਹਰਬੰਸ ਸਿੰਘ ਧੰਦੀਵਾਲ, ਸਾਬਕਾ ਪ੍ਰਧਾਨ ਸ੍ਰੀ ਸੁਖਵਿੰਦਰ ਸਿੰਘ ਇਸੀ, ਸ਼ਰਨਜੀਤ ਸਿੰਘ ਭੱਦਲਵੜ ਤੋਂ ਇਲਾਵਾ ਕਿਸਾਨ ਮੈਂਬਰ ਅਤੇ ਬੈਂਕ ਦਾ ਸਮੂਹ ਸਟਾਫ, ਹਰਪ੍ਰੀਤ ਸਿੰਘ, ਤੇਜਿੰਦਰ ਸਿੰਘ (ਸਹਾਇਕ ਮੈਨੇਜਰ), ਗੁਰਜਿੰਦਰ ਕੌਰ, ਗੰਨਮੈਨ ਨਿਰਮਲ ਸਿੰਘ ਅਤੇ ਸਾਗਰ ਕੁਮਾਰ ਵੀ ਹਾਜ਼ਰ ਸਨ।

