ਆਧੁਨਿਕ ਖੇਤੀਬਾੜੀ ਟੈਕਨਾਲੋਜੀ ਨਾਲ ਜੋੜਨ ਅਤੇ ਨਵੀਆਂ ਖੋਜਾਂ ਬਾਰੇ ਜਾਣੂ ਕਰਵਾਉਣ ਦੇ ਉਦੇਸ਼ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਦੇ ਇੱਕ ਗਰੁੱਪ ਦਾ ਗ੍ਰੇਸ ਇੰਡੀਆ ਐਗਰੀ ਐਕਸਪੋ–2026 ਲਈ ਦੌਰਾ ਕਰਵਾਇਆ ਗਿਆ

ਫਾਜ਼ਿਲਕਾ 31 ਜਨਵਰੀ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਟੈਕਨਾਲੋਜੀ ਨਾਲ ਜੋੜਨ ਅਤੇ ਨਵੀਆਂ ਖੋਜਾਂ ਬਾਰੇ ਜਾਣੂ ਕਰਵਾਉਣ ਦੇ ਉਦੇਸ਼ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਦੇ ਇੱਕ ਗਰੁੱਪ ਦਾ ਗ੍ਰੇਸ ਇੰਡੀਆ ਐਗਰੀ ਐਕਸਪੋ–2026 ਲਈ ਦੌਰਾ ਕਰਵਾਇਆ ਗਿਆ। ਇਹ ਦੌਰਾ ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਸ੍ਰੀਮਤੀ ਹਰਪ੍ਰੀਤਪਾਲ ਕੌਰ ਜੀ ਦੀ ਦੇਖਰੇਖ ਅਤੇ ਮਾਰਗਦਰਸ਼ਨ ਹੇਠ ਸਫਲਤਾਪੂਰਨ ਹੋਇਆ।

ਇਸ ਐਗਰੀ ਐਕਸਪੋ ਵਿੱਚ ਦੇਸ਼ ਭਰ ਤੋਂ ਖੇਤੀਬਾੜੀ ਨਾਲ ਜੁੜੀਆਂ ਪ੍ਰਮੁੱਖ ਕੰਪਨੀਆਂ ਅਤੇ ਸੰਸਥਾਵਾਂ ਵੱਲੋਂ ਆਧੁਨਿਕ ਖੇਤੀਬਾੜੀ ਮਸ਼ੀਨਰੀ, ਉੱਚ ਗੁਣਵੱਤਾ ਵਾਲੇ ਬੀਜ, ਖਾਦਾਂ, ਕੀਟਨਾਸ਼ਕ, ਫਸਲ ਸੁਰੱਖਿਆ ਉਪਕਰਣ, ਡ੍ਰਿਪ ਅਤੇ ਸਪ੍ਰਿੰਕਲਰ ਸਿੰਚਾਈ ਪ੍ਰਣਾਲੀਆਂ, ਮਿੱਟੀ ਸਿਹਤ ਸੁਧਾਰ ਟੈਕਨਾਲੋਜੀ ਅਤੇ ਡਿਜ਼ਿਟਲ ਖੇਤੀਬਾੜੀ ਨਾਲ ਸੰਬੰਧਿਤ ਨਵੇ ਉਪਰਾਲੇ ਪ੍ਰਦਰਸ਼ਿਤ ਕੀਤੇ ਗਏ।

ਦੌਰੇ ਦੌਰਾਨ ਕਿਸਾਨਾਂ ਨੇ ਵੱਖ-ਵੱਖ ਸਟਾਲਾਂ ‘ਤੇ ਮੌਜੂਦ ਵਿਸ਼ੇਸ਼ਗਿਆਂ ਨਾਲ ਸੰਵਾਦ ਕਰਕੇ ਫਸਲਾਂ ਦੀ ਉਪਜ ਵਧਾਉਣ, ਲਾਗਤ ਘਟਾਉਣ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਖੇਤੀ ਨੂੰ ਲਾਭਕਾਰੀ ਬਣਾਉਣ ਸੰਬੰਧੀ ਵਿਸਤ੍ਰਿਤ ਜਾਣਕਾਰੀ ਹਾਸਲ ਕੀਤੀ। ਕਿਸਾਨਾਂ ਨੂੰ ਮਕੈਨਾਈਜ਼ਡ ਖੇਤੀ, ਪ੍ਰਿਸੀਜ਼ਨ ਫਾਰਮਿੰਗ, ਫਸਲ ਅਵਸ਼ੇਸ਼ ਪ੍ਰਬੰਧਨ ਅਤੇ ਮੌਸਮੀ ਤਬਦੀਲੀ ਦੇ ਮੱਦੇਨਜ਼ਰ ਖੇਤੀ ਦੇ ਨਵੇਂ ਢੰਗਾਂ ਬਾਰੇ ਵੀ ਜਾਣੂ ਕਰਵਾਇਆ ਗਿਆ।

ਮੁੱਖ ਖੇਤੀਬਾੜੀ ਅਫ਼ਸਰ ਸ੍ਰੀਮਤੀ ਹਰਪ੍ਰੀਤਪਾਲ ਕੌਰ ਜੀ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਖੇਤੀ ਨੂੰ ਟਿਕਾਊ ਅਤੇ ਲਾਭਕਾਰੀ ਬਣਾਉਣ ਲਈ ਨਵੀਂ ਟੈਕਨਾਲੋਜੀ ਅਤੇ ਵਿਗਿਆਨਕ ਤਰੀਕਿਆਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਐਗਰੀ ਐਕਸਪੋ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਖੇਤਾਂ ਵਿੱਚ ਅਮਲ ਵਿੱਚ ਲਿਆ ਕੇ ਪੈਦਾਵਾਰ ਵਧਾਈ ਜਾਵੇ ਅਤੇ ਖੇਤੀ ਦੀ ਲਾਗਤ ਘਟਾਈ ਜਾਵੇ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਦੌਰੇ ਅਤੇ ਪ੍ਰੋਗਰਾਮ ਲਗਾਤਾਰ ਕਰਵਾਏ ਜਾ ਰਹੇ ਹਨ, ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕੀਤਾ ਜਾ ਸਕੇ।

ਕਿਸਾਨਾਂ ਨੇ ਇਸ ਦੌਰੇ ਨੂੰ ਬਹੁਤ ਹੀ ਲਾਭਦਾਇਕ ਅਤੇ ਜਾਣਕਾਰੀਪੂਰਕ ਦੱਸਦੇ ਹੋਏ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਖੇਤੀਬਾੜੀ ਵਿੱਚ ਆ ਰਹੀਆਂ ਨਵੀਆਂ ਤਕਨੀਕਾਂ ਪ੍ਰਤੱਖ ਜਾਣਕਾਰੀ ਮਿਲੀ ਹੈ। ਉਨ੍ਹਾਂ ਨੇ ਖੇਤੀਬਾੜੀ ਵਿਭਾਗ, ਪੰਜਾਬ ਅਤੇ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਸ੍ਰੀਮਤੀ ਹਰਪ੍ਰੀਤਪਾਲ ਕੌਰ ਜੀ ਦਾ ਇਸ ਸਫਲ ਦੌਰੇ ਲਈ ਧੰਨਵਾਦ ਪ੍ਰਗਟ ਕੀਤਾ।

Leave a Reply

Your email address will not be published. Required fields are marked *