ਫਸਲ ਦੀ ਕਟਾਈ ਦੇ ਸੀਜਨ ਦੌਰਾਨ ਬਿਜਲੀ ਵਿਭਾਗ ਵੱਲੋਂ ਕਿਸਾਨਾਂ ਲਈ ਐਡਵਾਈਜਰੀ ਜਾਰੀ

ਮਾਲੇਰਕੋਟਲਾ, 13 ਅਪ੍ਰੈਲ –
ਵਧੀਕ ਨਿਗਰਾਨ, ਵੰਡ-ਮੰਡਲ ਇੰਜੀ ਹਰਵਿੰਦਰ ਸਿੰਘ ਧੀਮਾਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਸਮੇਂ ਕਣਕ ਦੀ ਫਸਲ ਵਾਢੀ ਲਈ ਤਿਆਰ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਕਟਾਈ ਦਾ ਕੰਮ ਤੇਜ਼ੀ ਨਾਲ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਉਨ੍ਹਾਂ ਨੇ ਸਮੂਹ ਕਿਸਾਨ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਸਬੰਧੀ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੀ ਫਸਲ ਅਤੇ ਜਾਨ-ਮਾਲ ਦੀ ਰੱਖਿਆ ਯਕੀਨੀ ਬਣਾਈ ਜਾਵੇ।
ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਜਾਂ ਉਨ੍ਹਾਂ ਦੇ ਨੇੜੇ ਬਿਜਲੀ ਟਰਾਂਸਫਾਰਮਰ ਜਾਂ ਕੰਟਰੋਲ ਸਵਿੱਚ ਲੱਗੇ ਹੋਏ ਹਨ, ਉਨ੍ਹਾਂ ਦੇ ਆਲੇ-ਦੁਆਲੇ 2-3 ਮਰਲੇ ਜਗ੍ਹਾ ਕਣਕ ਕੱਟ ਕੇ ਖਾਲੀ ਛੱਡੀ ਜਾਵੇ ਅਤੇ ਉਸ ਜਗ੍ਹਾ ਨੂੰ ਨਮੀ ਵਾਲਾ ਰੱਖਿਆ ਜਾਵੇ ਤਾਂ ਜੋ ਅੱਗ ਲੱਗਣ ਦੀ ਸੰਭਾਵਨਾ ਨੂੰ ਘਟਾਇਆ ਜਾ ਸਕੇ। ਉਨ੍ਹਾਂ ਨੇ ਹੋਰ ਦੱਸਿਆ ਕਿ ਟਰਾਂਸਫਾਰਮਰਾਂ ਦੇ ਆਲੇ-ਦੁਆਲੇ ਸਫ਼ਾਈ ਅਤੇ ਨਮੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਬਿਨਾਂ ਲੋੜ ਉਨ੍ਹਾਂ ਦੀ ਸਵਿੱਚ ਬੰਦ ਰੱਖਣੀ ਚਾਹੀਦੀ ਹੈ।
ਵਧੀਕ ਨਿਗਰਾਨ ਨੇ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਖ਼ਰਾਬੀ ਜਾਂ ਢਿੱਲੇ ਜੋੜ ਨਜ਼ਰ ਆਉਣ, ਤਾਂ ਉਹਨਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਅਤੇ ਕਿਸੇ ਵੀ ਸਮੱਸਿਆ ਸਬੰਧੀ ਨੋਡਲ ਸੈਂਟਰ ਮਾਲੇਰਕੋਟਲਾ ਦੇ ਨੰਬਰ 96461-18974 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹ ਸੁਰੱਖਿਆ ਉਪਾਅ ਅਪਣਾਉਣ ਨਾਲ ਨਾ ਸਿਰਫ ਫਸਲ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ, ਸਗੋਂ ਅਣਚਾਹੀਆਂ ਘਟਨਾਵਾਂ ਤੋਂ ਵੀ ਬਚਾਅ ਸੰਭਵ ਹੈ।

Leave a Reply

Your email address will not be published. Required fields are marked *