ਚਾਰ ਸਾਲ ਭਗਵੰਤ ਮਾਨ ਦੇ ਨਾਲ ਤਹਿਤ ਐਮ.ਐਲ.ਏ. ਉੱਗੋਕੇ ਵੱਲੋਂ ਇਲਾਕਾ ਵਾਸੀਆਂ ਨਾਲ ਸੰਵਾਦ

ਤਪਾ, 31 ਮਾਰਚ      ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਵਿਧਾਇਕ ਭਦੌੜ ਸ. ਲਾਭ ਸਿੰਘ ਉੱਗੋਕੇ ਵੱਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਸੰਵਾਦ ਪ੍ਰੋਗਰਾਮ ਕੀਤਾ ਜਾ ਰਿਹਾ ਹੈ।

ਇਸ ਤਹਿਤ ਵਿਧਾਇਕ ਉੱਗੋਕੇ ਨੇ ਤਪਾ ਮੰਡੀ, ਤਾਜੋਕੇ, ਜੰਗੀਆਣਾ, ਧੌਲਾ ਸਮੇਤ ਵੱਖ ਵੱਖ ਪਿੰਡਾਂ ਵਿਚ “ਚਾਰ ਸਾਲ ਭਗਵੰਤ ਮਾਨ ਦੇ ਨਾਲ” ਪ੍ਰੋਗਰਾਮ ਤਹਿਤ ਲੋਕ- ਹਿੱਤ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਲੋਕਾਂ ਦੇ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵੱਲ ਵੱਡੇ ਕਦਮ ਚੁੱਕੇ ਹਨ। ਪੰਜਾਬ ਦੇ ਲੋਕਾਂ ਲਈ 10 ਲੱਖ ਰੁਪਏ ਤੱਕ ਦੀ ਸਿਹਤ ਗਾਰੰਟੀ, ਔਰਤਾਂ ਨੂੰ ਸਤਿਕਾਰ ਵਜੋਂ 1000 ਅਤੇ 1500 ਰੁਪਏ ਦੇਣ ਦੇ ਵਾਅਦੇ, ਸਕੂਲ ਆਫ਼ ਐਮੀਨੈਂਸ ਰਾਹੀਂ ਮਿਆਰੀ ਸਿੱਖਿਆ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਇਲਾਜ ਵਰਗੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ।

ਉਨ੍ਹਾਂ ਹੋਰ ਦੱਸਿਆ ਕਿ ਸੂਬੇ ਦੇ ਲਗਭਗ 90 ਫ਼ੀਸਦੀ ਘਰੇਲੂ ਬਿਜਲੀ ਖਪਤਕਾਰਾਂ ਨੂੰ 600 ਯੂਨਿਟਾਂ ਤੱਕ ਸਬਸਿਡੀ ਦੇ ਨਾਲ ਜ਼ੀਰੋ ਬਿੱਲ ਮਿਲ ਰਹੇ ਹਨ। ਇਸ ਤੋਂ ਇਲਾਵਾ, ਸਰਕਾਰ ਵੱਲੋਂ 65,000 ਤੋਂ ਵੱਧ ਨੌਜੁਆਨਾਂ ਨੂੰ ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।

ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ 90,000 ਤੋਂ ਵੱਧ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਨਿਆਦੀ ਢਾਂਚੇ ਵੱਲ ਵੱਡਾ ਧਿਆਨ ਦਿੰਦਿਆਂ ਲਗਭਗ 45,000 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।

ਕਿਸਾਨਾਂ ਦੇ ਹਿੱਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ ਵਿੱਚ ਦਿਨ ਦੇ ਸਮੇਂ ਖੇਤੀ ਲਈ ਬਿਜਲੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨਹਿਰੀ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਲਗਭਗ 80 ਫ਼ੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਜ਼ਮੀਨੀ ਪਾਣੀ ਦੀ ਵਰਤੋਂ ਘਟੇਗੀ ਅਤੇ ਪਾਣੀ ਦਾ ਪੱਧਰ ਸੁਧਰੇਗਾ।

ਇਸ ਮੌਕੇ ਵੱਖ ਵੱਖ ਚੇਅਰਮੈਨ, ਪਿੰਡਾਂ ਦੇ ਪੰਚਾਇਤੀ ਨੁਮਾਇੰਦੇ, ਪਾਰਟੀ ਆਗੂ ਤੇ ਇਲਾਕਾ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *