ਕਿਸਾਨ ਪੈਦਾਵਾਰ ਤੋਂ ਪੋਸ਼ਣ ਵੱਲ: ਕਣਕ ਦੀਆਂ ਵੱਧ ਪੋਸ਼ਕ ਤੱਤਾਂ ਵਾਲੀਆਂ ਕਿਸਮਾਂ ਸੰਬੰਧੀ ਖੇਤ ਦਿਵਸ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ,  29 ਮਾਰਚ

ਪੰਜਾਬ ਖੇਤੀਬਾੜੀ  ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਪੋਸ਼ਕ ਤੱਤਾਂ ਨਾਲ ਭਰਪੂਰ ਕਣਕ ਦੀਆਂ ਕਿਸਮਾਂ ਸਬੰਧੀ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਹਾੜ੍ਹੀ ਦੀ ਰੁੱਤ ਵਿੱਚ ਕੇਵੀਕੇ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਬਾਇਓ-ਫੋਰਟੀਫਾਈਡ ਕਣਕ ਦੀ ਕਿਸਮ ਪੀ ਬੀ ਡਬਲਯੂ ਜ਼ਿੰਕ 2 ਦੀਆਂ ਪ੍ਰਦਰਸ਼ਨੀਆਂ ਲਗਵਾਈਆਂ ਗਈਆਂ ਸਨ। ਇਸ ਖੇਤ ਦਿਵਸ ਵਿੱਚ ਡਾ. ਗੁਰਵਿੰਦਰ ਸਿੰਘ, ਡਾ. ਵਿਵੇਕ ਕੁਮਾਰ ਅਤੇ ਡਾ. ਸੁਖਜਿੰਦਰ ਸਿੰਘ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਖੇਤੀ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ। ਪਿੰਡ ਆਸਾ ਬੁੱਟਰ ਅਤੇ ਸੂਰੇਵਾਲਾ ਦੇ ਕਿਸਾਨਾਂ ਨੇ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਡਾ. ਗੁਰਵਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਪਸਾਰ ਸਿੱਖਿਆ) ਨੇ ਆਪਣੇ ਸੰਬੋਧਨ ਵਿੱਚ ਪੋਸ਼ਕ ਤੱਤਾਂ ਨਾਲ ਭਰਪੂਰ ਖ਼ਾਸ ਕਿਸਮਾਂ ਦੀ ਕਾਸ਼ਤ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਿਸਮਾਂ ਮਨੁੱਖੀ ਸਿਹਤ ਅਤੇ ਪੋਸ਼ਣ ਸੁਧਾਰ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਲੋਕਾਂ ਵਿੱਚ ਸਿਹਤ ਸਬੰਧੀ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਕਣਕ ਦੀਆਂ ਕਿਸਮਾਂ ਨੂੰ ਅਪਣਾ ਕੇ ਨਾ ਸਿਰਫ਼ ਆਪਣੀ ਆਮਦਨ ਵਧਾ ਸਕਦੇ ਹਨ, ਸਗੋਂ ਸਮਾਜ ਵਿੱਚ ਪੋਸ਼ਣ ਸੁਰੱਖਿਆ ਨੂੰ ਵੀ ਮਜ਼ਬੂਤ ਕਰ ਸਕਦੇ ਹਨ।

ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਪੋਸ਼ਕ ਤੱਤਾਂ ਨਾਲ ਭਰਪੂਰ ਕਣਕ ਦੀਆਂ ਸਾਰੀਆਂ ਕਿਸਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਅਤੇ ਆਉਣ ਵਾਲੀ ਸਾਉਣੀ ਰੁੱਤ ਦੀਆਂ ਫਸਲਾਂ ਦੀ ਤਿਆਰੀ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਸੁਖਜਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਫ਼ਲ ਵਿਗਿਆਨ) ਨੇ ਘਰੇਲੂ ਬਗ਼ੀਚੀ ਅਤੇ ਫਲ ਪੋਸ਼ਣ ਬਾਗ ਦੇ ਮਾਡਲ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਰੇਲੂ ਪੱਧਰ ‘ਤੇ ਪੋਸ਼ਣ ਦੀ ਪੂਰਤੀ ਲਈ ਇਹਨਾਂ ਮਾਡਲਾਂ ਨੂੰ ਅਪਣਾਉਣਾ ਬਹੁਤ ਲਾਭਕਾਰੀ ਹੈ ਅਤੇ ਪਰਿਵਾਰ ਦੀ ਸਿਹਤ ਨੂੰ ਸੁਧਾਰਣ ਵਿੱਚ ਇਹ ਮਹੱਤਪੂਰਨ ਭੂਮਿਕਾ ਨਿਭਾਉਂਦੇ ਹਨ।

ਇਸ ਮੌਕੇ ਤੇ ਕਿਸਾਨਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਮਾਹਿਰਾਂ ਵੱਲੋਂ ਸੰਤੁਸ਼ਟੀਜਨਕ ਢੰਗ ਨਾਲ ਦਿੱਤੇ ਗਏ। ਖੇਤ ਦਿਵਸ ਦੌਰਾਨ ਕਿਸਾਨਾਂ ਨੇ ਕਣਕ ਦੀਆਂ ਪੋਸ਼ਕ ਤੱਤਾਂ ਨਾਲ ਭਰਪੂਰ ਕਿਸਮਾਂ ਖ਼ਾਸ ਤੌਰ ਤੇ ਜ਼ਿੰਕ-2 ਪ੍ਰਤੀ ਵੱਡੀ ਦਿਲਚਸਪੀ ਦਿਖਾਈ ਅਤੇ ਉਨ੍ਹਾਂ ਨੂੰ ਅਪਣਾਉਣ ਦੀ ਇੱਛਾ ਵੀ ਜਤਾਈ।

Leave a Reply

Your email address will not be published. Required fields are marked *