ਫਰੀਦਕੋਟ 16 ਮਾਰਚ () ਕ੍ਰਿਸ਼ੀ ਵਿਗਿਆਨ ਕੇਂਦਰਫਰੀਦਕੋਟ ਵੱਲੋ ਡਾ: ਰਾਕੇਸ਼ ਕੁਮਾਰ ਇੰਚਾਰਜ ਕੇ.ਵੀ.ਕੇ ਫਰੀਦਕੋਟ ਦੀ ਅਗਵਾਈ ਹੇਠ ਮਧੂ-ਮੱਖੀ ਪਾਲਣ ਦਾ ਸਿਖਲਾਈ ਕੋਰਸ 9 ਤੋਂ 13 ਮਾਰਚ 2026 ਤੱਕ ਆਯੋਜਿਤ ਕੀਤਾ ਗਿਆ। ਇਸ ਸਿਖਲਾਈ ਕੋਰਸ ਵਿੱਚ ਜ਼ਿਲ੍ਹਾ ਫ਼ਰੀਦਕੋਟ ਦੇ ਵੱਖ-ਵੱਖ ਪਿੰਡਾਂ ਤੋ 39 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਡਾ: ਪਵਿੱਤਰ ਸਿੰਘ ਸਹਾਇਕ ਪ੍ਰਫੈਸਰ (ਭੂਮੀ ਵਿਗਿਆਨ) ਨੇ ਇਸ ਪੰਜ ਦਿਨਾਂ ਦੇ ਮਧੂ-ਮੱਖੀ ਪਾਲਣ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਅਤੇ ਸਿਖਿਆਰਥੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆ ਨੂੰ ਵੀ ਅਪਨਾਉਣ ਲਈ ਕਿਹਾ। ਡਾ: ਸਿਮਰਨਜੀਤ ਕੌਰ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਕੇ.ਵੀ.ਕੇ ਫਿਰੋਜਪੁਰ ਨੇ ਮਧੂ-ਮੱਖੀ ਪਾਲਣ ਲਈ ਜਰੂਰੀ ਨੁਕਤਿਆਂ ਜਿਵੇਂ ਕਿ ਮਧੂ-ਮੱਖੀ ਦੇ ਕਟੁੰਬਾ ਦੀ ਦੇਖ-ਰੇਖ, ਮੌਸਮੀ ਸਾਂਭ-ਸੰਭਾਲ, ਹਿਜਰਤ, ਕੀੜੇ-ਬਿਮਾਰੀਆਂ ਦੀ ਰੋਕਥਾਮ, ਸ਼ਹਿਦ ਮੱਖੀ ਕੁਟੰਬਾਂ ਤੋਂ ਪ੍ਰਾਪਤ ਵੱਖ-ਵੱਖ ਉਤਪਾਦਾਂ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ।
ਇਸ ਟ੍ਰੇਨਿੰਗ ਦੌਰਾਨ ਦਿਲਸ਼ਾਦ ਅਤੇ ਨਿਰਮਲ ਸਿੰਘ ਮਧੂ-ਮੱਖੀ ਪਾਲਕਾਂ ਨੇ ਸ਼ਹਿਦ ਮੱਖੀ ਪਾਲਣ ਦਾ ਆਪਣਾ ਤਜ਼ਰਬਾ ਸਾਝਾ ਕੀਤਾ ਅਤੇ ਸਿਖਿਆਰਥੀਆਂ ਨੂੰ ਹੱਥੀ ਕੰਮ ਕਰਨ ਦੀ ਸਿਖਲਾਈ ਵੀ ਦਿੱਤੀ ਅਤੇ ਮਧੂ ਮੱਖੀ ਤੋ ਤਿਆਰ ਪਦਾਰਥ ਜਿਵੇ ਕਿ ਮੋਮ, ਰਇਲ ਜੈਲੀ, ਪਰੋਪੋਲਿਸ ਅਤੇ ਅਲੱਗ-ਅਲੱਗ ਫੁੱਲਾਂ ਤੋਂ ਬਣਿਆ ਸ਼ਹਿਦ ਵੀ ਦਿਖਾਇਆ। ਡਾ. ਗੁਰਦਰਸ਼ਨ ਸਿੰਘ ਪ੍ਰੋਫੈਸਰ (ਬਾਗਬਾਨੀ) ਨੇ ਵੱਖ-ਵੱਖ ਫਲਾਂ ਅਤੇ ਸਬਜ਼ੀਆਂ ਦੀਆਂ ਫਸਲਾਂ ਦੇ ਪਰਾਗੀਕਰਨ ਲਈ ਸ਼ਹਿਦ ਦੀਆਂ ਮੱਖੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਡਾ. ਰਾਕੇਸ਼ ਕੁਮਾਰ ਇੰਚਾਰਜ ਕੇ.ਵੀ.ਕੇ ਫਰੀਦਕੋਟ ਨੇ ਸ਼ਹਿਦ ਦੀ ਪ੍ਰੋਸੈਸਿੰਗ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਡਾ: ਕਰਮਜੀਤ ਕੌਰ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਮਨੁੱਖੀ ਖੁਰਾਕ ਵਿਚ ਸ਼ਹਿਦ ਦੀ ਮਹੱਤਤਾ ਬਾਰੇ ਦੱਸਿਆ। ਇਸ ਟ੍ਰੇਨਿੰਗ ਦੋਰਾਨ ਬਾਗਬਾਨੀ ਵਿਭਾਗ ਫਰੀਦਕੋਟ ਵੱਲੋਂ ਮਧੂ-ਮੱਖੀ ਪਾਲਣ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ।

