ਕੇਂਦਰ ਸਰਕਾਰ ਅਪੋਲੋ ਹਸਪਤਾਲ ਦੇ ਡਾਕਟਰਾਂ ਵੱਲੋਂ ਦਿੱਤੀ ਸਲਾਹ ਵੱਲ ਧਿਆਨ ਦੇਵੇ: ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ 18 ਫਰਵਰੀ, 2026:

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਪੋਲੋ ਹਸਪਤਾਲ ਦੇ ਮਾਹਰ ਡਾਕਟਰਾਂ ਵੱਲੋਂ ਦਿੱਤੀ ਗਈ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਭਾਰਤ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਨਾਲ ਕੀਤੇ ਵਪਾਰਕ ਸਮਝੌਤੇ ਨਾਲ ਭਾਰਤੀ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਪ੍ਰਮੁੱਖ ਮੁੱਦਿਆਂ ਪ੍ਰਤੀ ਉਦਾਸੀਨਤਾ ਨਾਲ ਪੇਸ਼ ਆ ਰਹੀ ਹੈ ਜੋ ਕਿ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਭਾਰਤੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਅਸੀਂ ਇਸ ਵਪਾਰਕ ਸਮਝੌਤੇ ਵਿਰੁੱਧ ਆਵਾਜ਼ ਬੁਲੰਦ ਕਰਾਂਗੇ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰਾਂਗੇ।

ਸ. ਸੰਧਵਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਪੋਲੋ ਹਸਪਤਾਲ ਦੇ ਡਾਕਟਰਾਂ ਦੀ ਸਲਾਹ ਅਨੁਸਾਰ ਆਯਾਤ ਕੀਤੇ ਸੇਬ ਭਾਰਤੀ ਸੇਬਾਂ ਨਾਲੋਂ ਘੱਟ ਪੌਸ਼ਟਿਕ ਹੁੰਦੇ ਹਨ ਕਿਉਂਕਿ ਇਹ ਲੰਬੇ ਸਮੇਂ ਤੱਕ ਸਟੋਰ ਕਰਨ ਅਤੇ ਆਵਾਜਾਈ ਦੌਰਾਨ 40-85 ਫ਼ੀਸਦ ਪੌਸ਼ਟਿਕ ਤੱਤ, ਖਾਸ ਕਰਕੇ ਵਿਟਾਮਿਨ ਸੀ ਗੁਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸੇਬ ਦੇਖਣ ਨੂੰ ਚਮਕਦਾਰ ਹੁੰਦੇ ਹਨ ਪਰ ਇਹਨਾਂ ਦੀ ਗੁਣਵੱਤਾ ਘਟੀਆ ਦਰਜੇ ਦੀ ਹੁੰਦੀ ਹੈ। ਇਸ ਦੇ ਉਲਟ ਕਸ਼ਮੀਰੀ ਜਾਂ ਹਿਮਾਚਲੀ ਸੇਬ ਘੱਟ ਲਾਗਤ ‘ਤੇ ਬਿਹਤਰ ਸਿਹਤ ਲਾਭ ਪ੍ਰਦਾਨ ਕਰ ਰਹੇ ਹਨ। ਆਯਾਤ ਕੀਤੇ ਸੇਬ ਘਰੇਲੂ ਸੇਬਾਂ ਨਾਲੋਂ ਘੱਟ ਪੌਸ਼ਟਿਕ ਹੁੰਦੇ ਹਨ। ਸਾਨੂੰ ਘਟੀਆ ਗੁਣਵੱਤਾ ਵਾਲੇ ਆਯਾਤ ਕੀਤੇ ਸੇਬਾਂ ਲਈ ਵੱਧ ਕੀਮਤ ਅਦਾ ਕਰਨੀ ਪੈਂਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਇਨ੍ਹਾਂ ਮੁੱਦਿਆਂ ‘ਤੇ ਗੰਭੀਰਤਾ ਨਾਲ ਵਿਚਾਰ ਕਰੇਗੀ ਅਤੇ ਜਲਦ ਹੀ ਇਨ੍ਹਾਂ ਦਾ ਹੱਲ ਕਰੇਗੀ।

Leave a Reply

Your email address will not be published. Required fields are marked *