ਦਾਲ਼ਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਕਿਸਾਨ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਨ – ਯਾਦਵਿੰਦਰ ਸਿੰਘ

ਖਡੂਰ ਸਾਹਿਬ, 14 ਫਰਵਰੀ :
ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਹੁਕਮਾਂ ਅਨੁਸਾਰ ਕਿਸਾਨਾਂ ਨੂੰ ਫ਼ਸਲ ਲਈ ਵਿਭਿੰਨਤਾ ਅਪਨਾਉਣ ਹੇਤੂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹੇ ਦੇ ਮੁਖੀ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਕਣਕ ਦੀ ਵਾਢੀ ਅਤੇ ਆਲੂਆਂ ਦੀ ਪੁਟਾਈ ਤੋਂ ਬਾਅਦ ਗਰਮ ਰੁੱਤ ਦੀਆਂ ਦਾਲ਼ਾਂ ਬੀਜਣ ਵਾਸਤੇ ਵੱਖ-ਵੱਖ ਪ੍ਰੋਗਰਾਮਾਂ ਅਤੇ ਕੈਂਪਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਡਾ. ਯਾਦਵਿੰਦਰ ਸਿੰਘ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਦਾਲਾਂ ਮਨੁੱਖੀ ਖ਼ੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਸਭ ਤੋਂ ਵੱਧ ਪ੍ਰੋਟੀਨ ਇਨ੍ਹਾਂ ਵਿੱਚ ਪਾਇਆ ਜਾਂਦਾ ਹੈ। ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵੱਲੋਂ ਕਣਕ-ਝੋਨੇ ਦਾ ਫ਼ਸਲੀ ਚੱਕਰ  ਅਪਨਾਉਣ ਕਾਰਨ ਦਾਲ਼ਾਂ ਹੇਠ ਰਕਬਾ ਬਹੁਤ ਘੱਟ ਗਿਆ ਹੈ।
ਉਨ੍ਹਾਂ ਦੱਸਿਆ ਕਿ ਗਰਮ ਰੁੱਤ ਦੀ ਮੂੰਗੀ ਘੱਟ ਸਮਾਂ ਲੈਣ ਵਾਲੀ ਇਕ ਮਹੱਤਵਪੂਰਨ ਦਾਲ਼ ਵਾਲੀ ਫ਼ਸਲ ਹੈ । ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਕਿਸਾਨ ਜਿਥੇ ਵਧੇਰੇ ਆਮਦਨ ਲੈ ਸਕਦੇ ਹਨ, ਉਥੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ ਅਤੇ ਵਿਹਲੀ ਪਈ ਜ਼ਮੀਨ ਨੂੰ ਆਮਦਨ ਵਧਾਉਣ ਲਈ ਵਰਤਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੂੰਗੀ ਦੀ ਫ਼ਸਲ ਹੋਰਨਾਂ ਦਾਲ਼ਾਂ ਨਾਲੋਂ ਵਧੇਰੇ ਗਰਮੀ ਸਹਾਰ ਸਕਣ ਕਾਰਨ ਇਸ ਦੀ ਕਾਸ਼ਤ ਲਈ ਬਹੁਤ ਗਰਮ ਜਲਵਾਯੂ ਦੀ ਜ਼ਰੂਰਤ ਹੈ।ਇਸ ਦੀ ਕਾਸ਼ਤ ਲਈ ਚੰਗੇ ਪਾਣੀ ਦੇ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਬਹੁਤ ਹੀ ਢੁਕਵੀਂ ਹੈ। ਮੂੰਗੀ ਦੀ ਕਾਸ਼ਤ ਲਈ ਚਾਰ ਕਿਸਮਾਂ ਐੱਸ ਐੱਮ ਐੱਲ 1827,ਐੱਸ ਐੱਮ ਐੱਲ 832, ਐੱਸ ਐੱਮ ਐੱਲ 668 ਅਤੇ ਟੀ ਐੱਮ ਬੀ 37 ਦੀ ਸਿਫਾਰਸ਼ ਕੀਤੀ ਗਈ ਹੈ। ਇਹ ਕਿਸਮਾਂ 60 ਤੋਂ 65 ਦਿਨਾਂ ਦੇ ਵਿੱਚ ਪੱਕ ਜਾਂਦੀਆਂ ਹਨ ਅਤੇ ਔਸਤਨ ਝਾੜ ਚਾਰ ਤੋਂ ਪੰਜ ਕੁਇੰਟਲ ਪ੍ਰਤੀ ਏਕੜ ਹੈ ।
ਮੂੰਗੀ ਦੀ ਬਿਜਾਈ 20 ਮਾਰਚ ਤੋਂ ਅਪ੍ਰੈਲ ਦੇ ਤੀਜੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ। ਬੀਜਣ ਤੋਂ ਪਹਿਲਾਂ ਮੂੰਗੀ ਦੇ ਬੀਜ ਨੂੰ ਉੱਲੀ ਨਾਸ਼ਕ ਜਾਂ ਜੈਵਿਕ ਤਰੀਕੇ ਰਾਹੀਂ ਸੋਧ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ  ਨਾਲ ਝਾੜ ਵੱਧਦਾ ਹੈ ਅਤੇ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ ।ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿੱਲ ਅਤੇ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰ ਫਾਸਫੇਟ ਖਾਦ ਡਰਿੱਲ ਕਰ ਦੇਣੀ ਚਾਹੀਦੀ ਹੈ।  ਆਲੂਆਂ ਦੀ ਪੁਟਾਈ ਤੋਂ ਬਾਅਦ ਮੂੰਗੀ ਦੀ ਕਾਸ਼ਤ ਬਿਨਾਂ ਕੋਈ ਖਾਦ ਦੀ ਵਰਤੋਂ ਕੀਤਿਆਂ ਵੀ ਕੀਤੀ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ ਲਈ  ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਇਕ ਲਿਟਰ ਪੈਂਡੀਮੈਥਾਲਿਨ 30 ਈ.ਸੀ. ਨੂੰ 150-200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਮੌਸਮ ਅਤੇ ਜ਼ਮੀਨ ਦੀ ਕਿਸਮ ਦੇ ਅਨੁਸਾਰ ਮੂੰਗੀ ਦੀ ਫ਼ਸਲ ਨੂੰ 3-5 ਪਾਣੀ ਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਮੂੰਗੀ ਦੀ ਫ਼ਸਲ ‘ਤੇ ਆਮ ਕਰਕੇ ਥਰਿੱਪ ਅਤੇ ਫਲੀ ਛੇਦਕ ਸੁੰਡੀ ਹਮਲਾ ਕਰਦੀ ਹੈ, ਜਿਸ ਨਾਲ ਪੈਦਾਵਾਰ ‘ਤੇ ਮਾੜਾ ਅਸਰ ਪੈਂਦਾ ਹੈ।ਇਸ ਕੀੜੇ ਦੀ ਰੋਕਥਾਮ ਲਈ 600 ਮਿਲੀਲਿਟਰ ਟ੍ਰਾਈਜ਼ੋਫਾਸ 40 ਈ ਸੀ ਜਾਂ 100 ਮਿਲੀਲਿਟਰ ਡਾਈਮੈਥੋਏਟ ਨੂੰ 80 ਤੋਂ 100 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦਾਲ਼ਾਂ ਦੀ ਕਾਸ਼ਤ ਕਰਕੇ ਕੁਦਰਤੀ ਸੋਮਿਆਂ ਖਾਸ ਕਰਕੇ ਪਾਣੀ ਦੀ ਬੱਚਤ ਕਰਨ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਇਸ ਸਮੇਂ ਉਨ੍ਹਾਂ ਨਾਲ ਸੁਖਦੇਵ ਸਿੰਘ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ, ਬਲਰਾਜ ਸਿੰਘ, ਹਰਦਿਆਲ ਸਿੰਘ ਅਤੇ ਪਿੰਡ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *