ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸ੍ਰੀ ਦਰਬਾਰ ਸਾਹਿਬ ਅਤੇ ਜੈਨ ਮੰਦਰ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ, 9 ਫਰਵਰੀ (        ) – ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਬੀਤੀ ਦੇਰ ਸ਼ਾਮ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸੂਬੇ ਵਿੱਚ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ਤੀਬਰ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਹੈ। ਇਸ ਤੋਂ ਬਾਅਦ ਅੱਜ ਸਵੇਰੇ ਰਾਜਪਾਲ ਪੰਜਾਬ ਵੱਲੋਂ ਸ੍ਰੀ ਜੈਨ ਮੰਦਰ ਵਿਖੇ ਵੀ ਮੱਥਾ ਟੇਕਿਆ ਗਿਆ।

ਨਸ਼ਿਆਂ ਵਿਰੁੱਧ ਪੈਦਲ ਯਾਤਰਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਰੈੱਡ ਕਰਾਸ ਸੋਸਾਇਟੀ ਦੇ ਯਤਨਾਂ ਨਾਲ, ਪੈਦਲ ਯਾਤਰਾ ਦਾ ਉਦੇਸ਼ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੁਹਰਾਇਆ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਅਤੇ ਨਿਰੰਤਰ ਜਨਤਕ ਜਾਗਰੂਕਤਾ ਦੇ ਨਾਲ-ਨਾਲ  ਮੁੜ ਵਸੇਬਾ ਅਤੇ ਰੁਜ਼ਗਾਰ ਪੈਦਾ ਕਰਨਾ ਮੁੱਖ ਤਰਜੀਹ ਹੋਣੀ ਚਾਹੀਦੀ ਹੈ । ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਅਪੀਲ ਕੀਤੀ।

ਉਨ੍ਹਾਂ ਦੱਸਿਆ ਕਿ ਇਹ ਚਾਰ ਰੋਜ਼ਾ ਮੁਹਿੰਮ ਵਿੱਚ ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਚਾਰ-ਰੋਜ਼ਾ ਜਾਗਰੂਕਤਾ ਪੈਦਲ ਯਾਤਰਾ ਸ਼ਾਮਲ ਹੈ, ਜਿਸਦਾ ਉਦੇਸ਼ ਨਸ਼ਿਆਂ ਵਿਰੁੱਧ ਜਨਤਕ ਭਾਗੀਦਾਰੀ ਨੂੰ ਲਾਮਬੰਦ ਕਰਨਾ ਹੈ। ਉਨ੍ਹਾਂ ਦੱਸਿਆ ਕਿ 9 ਫਰਵਰੀ ਨੂੰ ਤਰਨ ਤਾਰਨ ਸ਼ਹਿਰ, 10 ਫਰਵਰੀ ਸਾਰਾਗੜ੍ਹੀ ਮੈਮੋਰੀਅਲ ਤੋਂ ਸਰਕਾਰੀ ਸਕੂਲ ਆਫ਼ ਐਮੀਨੈਂਸ, ਫਿਰੋਜ਼ਪੁਰ ਸ਼ਹਿਰ ਤੱਕ, 11 ਫਰਵਰੀ ਨੂੰ ਸੰਜੀਵ ਸਿਨੇਮਾ, ਫਾਜ਼ਿਲਕਾ ਤੋਂ ਘੰਟਾਘਰ, ਫਾਜ਼ਿਲਕਾ ਤੱਕ ਅਤੇ 12 ਫਰਵਰੀ ਨੂੰ ਨਗਰ ਨਿਗਮ ਦਫ਼ਤਰ, ਅਬੋਹਰ ਤੋਂ ਡੀ.ਏ.ਵੀ. ਕਾਲਜ, ਅਬੋਹਰ ਤੱਕ ਜਾਗਰੂਕਤਾ ਪੈਦਲ ਯਾਤਰਾ ਕੀਤੀ ਜਾਵੇਗੀ।

ਰਾਜਪਾਲ ਪੰਜਾਬ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਸ਼ਿਆਂ ਦੀ ਦੁਰਵਰਤੋਂ ਸਿਰਫ਼ ਇੱਕ ਸਥਾਨਕ ਜਾਂ ਸੂਬੇ ਦਾ ਮੁੱਦਾ ਨਹੀਂ ਹੈ ਸਗੋਂ ਇੱਕ ਆਲਮੀ ਚੁਣੌਤੀ ਹੈ, ਜਿਸ ਲਈ ਨਿਰੰਤਰ ਅਤੇ ਸਮੂਹਿਕ ਯਤਨਾਂ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨਿਰੰਤਰ ਅਤੇ ਸੁਹਿਰਦ ਹੋਣੀ ਚਾਹੀਦੀ ਹੈ ਅਤੇ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਵਿਦਿਅਕ ਸੰਸਥਾਵਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਸੰਗਠਨਾਂ ਨੂੰ ਇਸ ਜਨ- ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਸਮਰਥਨ ਦੇਣ ਦਾ ਸੱਦਾ ਦਿੱਤਾ। ਇਹ ਮੁਹਿੰਮ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸਾਂਝੇ ਟੀਚੇ ਵੱਲ ਸਮਾਜ ਦੇ ਸਾਰੇ ਵਰਗਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰਦੀ ਹੈ।

ਉਨ੍ਹਾਂ ਦੁਹਰਾਇਆ ਕਿ ਅਰਥਪੂਰਨ ਤਬਦੀਲੀ ਸਿਰਫ ਸਰਗਰਮ ਭਾਗੀਦਾਰੀ, ਨਿਰੰਤਰ ਯਤਨਾਂ ਅਤੇ ਪੁਨਰਵਾਸ ’ਤੇ ਧਿਆਨ ਕੇਂਦਰਿਤ ਕਰਕੇ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਪੂਰੇ ਸਨਮਾਨ ਅਤੇ ਰੁਜ਼ਗਾਰ ਮੌਕੇ ਪ੍ਰਦਾਨ ਕਰਕੇ ਮੁੜ ਸਮਾਜ ਨਾਲ ਜੋੜਨ ਨੂੰ ਯਕੀਨੀ ਬਣਾ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *