ਸੰਗਰੂਰ, 29 ਜਨਵਰੀ:
ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 2 ਫਰਵਰੀ ਤੋਂ 6 ਫਰਵਰੀ ਤੱਕ ਬਲਾਕ ਪੱਧਰ ’ਤੇ ਵੀਡੀਸੀ (ਵਿਲੇਜ ਡਿਫੈਂਸ ਕਮੇਟੀ) ਅਤੇ ਡਬਲਿਊ.ਡੀ.ਸੀ (ਵਾਰਡ ਡਿਫੈਂਸ ਕਮੇਟੀ) ਦੀਆਂ ਮੀਟਿੰਗਾਂ ਹੋਣਗੀਆਂ। ਉਹਨਾਂ ਦੱਸਿਆ ਕਿ ਇਸ ਦੌਰਾਨ ਨਸ਼ਾ ਮੁਕਤੀ ਐਪ ਡਾਊਨਲੋਡ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 16 ਫਰਵਰੀ ਨੂੰ ਵੀਡੀਸੀ (ਵਿਲੇਜ ਡਿਫੈਂਸ ਕਮੇਟੀ) ਅਤੇ ਡਬਲਿਊ.ਡੀ.ਸੀ (ਵਾਰਡ ਡਿਫੈਂਸ ਕਮੇਟੀ) ਦੀ ਮੈਗਾ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹੋਵੇਗੀ। ਜਿਸ ਵਿੱਚ ਵੀਡੀਸੀ, ਡਬਲਯੂਡੀਸੀ, ਜ਼ਿਲ੍ਹਾ ਕੋਆਰਡੀਨੇਟਰ, ਅਸੈਂਬਲੀ ਲੈਵਲ, ਬਲਾਕ ਲੈਵਲ ਅਤੇ ਜ਼ੋਨਲ ਕੋਆਰਡੀਨੇਟਰ ਸ਼ਾਮਲ ਹੋਣਗੇ।
ਉਹਨਾਂ ਦੱਸਿਆ ਕਿ ਫਰਵਰੀ ਦੇ ਆਖ਼ਰੀ ਹਫ਼ਤੇ ਵਿੱਚ ਜ਼ਿਲ੍ਹਾ ਪੱਧਰ ਦੀ ਸਮੀਖਿਆ ਮੀਟਿੰਗ ਕਰਵਾਈ ਜਾਵੇਗੀ, ਜਿਸ ਵਿੱਚ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਹਾਜ਼ਰ ਹੋਣਗੇ। ਇਸ ਮੀਟਿੰਗ ਦੌਰਾਨ ਬਲਾਕ ਅਤੇ ਅਸੈਂਬਲੀ ਪੱਧਰ ਦੀਆਂ ਮੀਟਿੰਗਾਂ ਦੀ ਕਾਰਗੁਜ਼ਾਰੀ, ਨਸ਼ਾ ਮੁਕਤੀ ਐਪ ’ਤੇ ਦਰਜ ਸ਼ਿਕਾਇਤਾਂ ਅਤੇ ਉਨ੍ਹਾਂ ’ਤੇ ਕੀਤੀ ਗਈ ਕਾਰਵਾਈ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਜਾਵੇਗੀ।
ਉਨ੍ਹਾਂ ਸਾਰੇ ਐੱਸਡੀਐੱਮ, ਡੀਐੱਸਪੀ, ਐੱਸਐੱਚਓ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੀਡੀਸੀ ਦੀ ਪਹਿਲੀ ਮੀਟਿੰਗ ਨੂੰ ਬਹੁਤ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਜਾਵੇ, ਕਿਉਂਕਿ ਪਹਿਲੀ ਮੀਟਿੰਗ ਮੁਹਿੰਮ ਦੀ ਸਫ਼ਲਤਾ ਲਈ ਬੁਨਿਆਦ ਸਾਬਤ ਹੋਵੇਗੀ।
ਇਸ ਮੌਕੇ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਨਸ਼ੇ ਦੇ ਪੂਰਨ ਖਾਤਮੇ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਪਿੰਡ ਅਤੇ ਵਾਰਡ ਪੱਧਰ ਉੱਤੇ ਬਣੀਆਂ ਕਮੇਟੀਆਂ ਨਸ਼ੇ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਕਮੇਟੀਆਂ ਵੱਲੋਂ ਹੋਰ ਸਰਗਰਮ ਭੂਮਿਕਾ ਨਿਭਾਈ ਜਾਵੇਗੀ।
ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰ ਲਵਪ੍ਰੀਤ ਸਿੰਘ, ਏਡੀਸੀ ਅੰਕੁਰ ਮਹਿੰਦਰੂ, ਸਮੂਹ ਐਸਪੀ, ਐਸਡੀਐਮ, ਡੀਐਸਪੀ, ਬੀਡੀਪੀਓ ਅਤੇ ਨਸ਼ਾ ਮੁਕਤੀ ਮੋਰਚਾ ਦੇ ਨੁਮਾਇੰਦੇ ਮੌਜੂਦ ਸਨ।

