ਦਿੜਬਾ, 27 ਜਨਵਰੀ:
ਸੰਗਰੂਰ ਜ਼ਿਲ੍ਹੇ ਦਾ ਦਿੜਬਾ ਸਬ ਡਿਵੀਜ਼ਨ ਦਫ਼ਤਰ ਪੰਜਾਬ ਦਾ ਪਹਿਲਾ ਐਸ.ਡੀ.ਐਮ. ਦਫ਼ਤਰ ਬਣ ਗਿਆ ਹੈ, ਜਿੱਥੇ 100 ਫੁੱਟ ਉੱਚਾ ਕੌਮੀ ਝੰਡਾ ਤਿਰੰਗਾ ਲਹਿਰਾਇਆ ਗਿਆ ਹੈ। ਇਸ ਮਹੱਤਵਪੂਰਣ ਅਤੇ ਗੌਰਵਮਈ ਉਪਰਾਲੇ ਮੌਕੇ ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਦਿੜਬਾ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਤਿਰੰਗਾ ਸਾਡੀ ਏਕਤਾ, ਅਖੰਡਤਾ ਅਤੇ ਲੋਕਤੰਤਰ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਲੱਖਾਂ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੀਆਂ ਅਣਗਿਣਤ ਕੁਰਬਾਨੀਆਂ ਸਦਕਾ ਹੀ ਅੱਜ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਬਣਿਆ ਹੈ ਅਤੇ ਹਰ ਨਾਗਰਿਕ ਨੂੰ ਸੰਵਿਧਾਨਿਕ ਹੱਕਾਂ ਦੀ ਰਾਖੀ ਦਾ ਅਧਿਕਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮ. ਦਫ਼ਤਰ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ 100 ਫੁੱਟ ਉੱਚਾ ਤਿਰੰਗਾ ਸਥਾਪਿਤ ਕਰਨ ਦੇ ਨਾਲ-ਨਾਲ ਆਲੇ-ਦੁਆਲੇ ਦੇ ਖੇਤਰ ਦਾ ਸੁੰਦਰੀਕਰਨ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਤ ਸਮੇਂ ਵੀ ਕੌਮੀ ਝੰਡਾ ਸਪਸ਼ਟ ਤੌਰ ’ਤੇ ਦਿੱਖੇ, ਇਸ ਲਈ ਵਿਸ਼ੇਸ਼ ਲਾਈਟਿੰਗ ਦੀ ਵਿਵਸਥਾ ਕੀਤੀ ਗਈ ਹੈ ਅਤੇ ਤਿਰੰਗੇ ਲਈ ਅਜਿਹਾ ਕੱਪੜਾ ਵਰਤਿਆ ਗਿਆ ਹੈ ਜੋ ਰਾਤ ਸਮੇਂ ਵੀ ਚਮਕਦਾ ਰਹੇਗਾ।
ਸ. ਚੀਮਾ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਦੇ ਸੰਵਿਧਾਨ ਦੀ ਰਚਨਾ ਅਤੇ ਉਸ ਦੀ ਮਜ਼ਬੂਤ ਨੀਂਹ ਸਦਕਾ ਹੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਥਾਪਨਾ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਸਿਰਫ਼ ਇੱਕ ਕਾਨੂੰਨੀ ਦਸਤਾਵੇਜ਼ ਹੀ ਨਹੀਂ, ਸਗੋਂ ਇਹ ਸਮਾਜਿਕ ਨਿਆਂ, ਬਰਾਬਰੀ, ਆਜ਼ਾਦੀ ਅਤੇ ਭਰਾਤਰੀਭਾਵ ਦੇ ਮੁੱਲਾਂ ਦਾ ਪ੍ਰਤੀਕ ਹੈ, ਜੋ ਹਰ ਭਾਰਤੀ ਨੂੰ ਇਕਸਾਰ ਅਧਿਕਾਰ ਅਤੇ ਮਰਿਆਦਾ ਪ੍ਰਦਾਨ ਕਰਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਤਿਰੰਗਾ ਸਾਨੂੰ ਸਾਡੇ ਬਜ਼ੁਰਗਾਂ ਅਤੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਦੀ ਯਾਦ ਦਿਵਾਉਦਾ ਹੈ ਅਤੇ ਹਰ ਨਾਗਰਿਕ ਨੂੰ ਦੇਸ਼ ਦੀ ਸੇਵਾ, ਸੰਵਿਧਾਨ ਦੀ ਰਾਖੀ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਲਗਾਤਾਰ ਯਤਨ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇਹ 25 ਲੱਖ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ 100 ਫੁੱਟ ਉੱਚਾ ਤਿਰੰਗਾ ਨਾ ਸਿਰਫ਼ ਦਿੜਬਾ ਲਈ ਮਾਣ ਦਾ ਕੇਂਦਰ ਬਣੇਗਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਦੇਸ਼ਭਗਤੀ, ਰਾਸ਼ਟਰੀ ਏਕਤਾ ਅਤੇ ਸੰਵਿਧਾਨਿਕ ਮੁੱਲਾਂ ਪ੍ਰਤੀ ਸਨਮਾਨ ਨੂੰ ਹੋਰ ਮਜ਼ਬੂਤ ਕਰੇਗਾ।
ਸ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਤੰਤਰਿਕ ਸੰਸਥਾਵਾਂ ਨੂੰ ਮਜ਼ਬੂਤ ਕਰਨ, ਰਾਸ਼ਟਰੀ ਚੇਤਨਾ ਨੂੰ ਉਤਸ਼ਾਹਿਤ ਕਰਨ ਅਤੇ ਸੰਵਿਧਾਨਿਕ ਮੁੱਲਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਲਗਾਤਾਰ ਅਜਿਹੇ ਉਪਰਾਲੇ ਕਰਦੀ ਰਹੇਗੀ।
ਇਸ ਮੌਕੇ ਐਸ.ਡੀ.ਐਮ. ਦਿੜਬਾ ਰਾਜੇਸ਼ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਮਨਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੰਚ, ਸਰਪੰਚ ਅਤੇ ਹੋਰ ਗਣਮਾਨਯ ਹਸਤੀਆਂ ਮੌਜੂਦ ਸਨ।

