‘ਯੁਵਾ ਮਿੱਤਰ’ ਸਕੀਮ ਤਹਿਤ ਚੌਥੇ ਦਿਨ ਵਲੰਟੀਅਰਾਂ ਨੂੰ ਦਿੱਤੀ ਹੜ ਅਤੇ ਅੱਗ ਵਰਗੀਆਂ ਗੰਭੀਰ ਆਪਦਾਵਾਂ ਨਾਲ ਨਜਿੱਠਣ ਦੀ ਟ੍ਰੇਨਿੰਗ

ਅੰਮ੍ਰਿਤਸਰ, 27 ਜਨਵਰੀ 2026 —

 ਕੇਂਦਰ ਸਰਕਾਰ ਦੀ ਮਹੱਤਵਪੂਰਨ ਯੁਵਾ ਮਿੱਤਰ ਸਕੀਮ ਤਹਿਤ ਚੱਲ ਰਹੀ ਟ੍ਰੇਨਿੰਗ ਦੇ ਚੌਥੇ ਦਿਨ ਵਲੰਟੀਅਰਾਂ ਨੂੰ ਹੜ ਅਤੇ ਅੱਗ ਵਰਗੀਆਂ ਆਪਦਾਵਾਂ ਨਾਲ ਨਜਿੱਠਣ ਲਈ ਸਿਧਾਂਤਕ ਦੇ ਨਾਲ-ਨਾਲ ਵਿਸਤ੍ਰਿਤ ਪ੍ਰਯੋਗਿਕ ਟ੍ਰੇਨਿੰਗ ਦਿੱਤੀ ਗਈ, ਤਾਂ ਜੋ ਉਹ ਅਸਲ ਆਪਦਾ ਸਥਿਤੀਆਂ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਸੇਵਾ ਨਿਭਾ ਸਕਣ।

ਇਸ ਦੌਰਾਨ ਸ਼ੁਭਮ ਵਰਮਾ, ਤਜਰਬੇਕਾਰ ਇੰਸਟ੍ਰਕਟਰ, ਵੱਲੋਂ ਹੜ (ਫਲੱਡ) ਸਬੰਧੀ ਵਿਸਥਾਰਪੂਰਕ ਲੈਕਚਰ ਦਿੱਤਾ ਗਿਆ। ਉਨ੍ਹਾਂ ਨੇ ਹੜ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਅਪਣਾਈ ਜਾਣ ਵਾਲੀਆਂ ਸਾਵਧਾਨੀਆਂ, ਸੁਰੱਖਿਅਤ ਥਾਵਾਂ ਦੀ ਪਛਾਣ, ਰਾਹਤ ਅਤੇ ਬਚਾਵ ਕਾਰਜਾਂ ਵਿੱਚ ਸਹਿਯੋਗ ਅਤੇ ਪ੍ਰਭਾਵਿਤ ਲੋਕਾਂ ਤੱਕ ਮਦਦ ਪਹੁੰਚਾਉਣ ਦੇ ਵਿਹਾਰਕ ਤਰੀਕਿਆਂ ਬਾਰੇ ਵਲੰਟੀਅਰਾਂ ਨੂੰ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਫਾਇਰ ਟੀਮ ਵੱਲੋਂ ਅੱਗ ਸਬੰਧੀ ਵਿਸ਼ੇਸ਼ ਪ੍ਰੈਕਟੀਕਲ ਕਰਵਾਇਆ ਗਿਆ, ਜਿਸ ਦੌਰਾਨ ਅੱਗ ਲੱਗਣ ਸਮੇਂ ਤੁਰੰਤ ਅਪਣਾਏ ਜਾਣ ਵਾਲੇ ਕਦਮ, ਅੱਗ ਬੁਝਾਉਣ ਦੇ ਮੂਲ ਤਰੀਕੇ ਅਤੇ ਸੁਰੱਖਿਅਤ ਤਰੀਕੇ ਨਾਲ ਬਚਾਵ ਕਰਨ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ।

ਇਸ ਮੌਕੇ ਸੁਨੀਲ ਕੁਮਾਰ, ਮੈਗਸਿਪਾ  ਦੇ ਤਜਰਬੇਕਾਰ ਇੰਸਟ੍ਰਕਟਰ, ਵੱਲੋਂ ਵਲੰਟੀਅਰਾਂ ਨੂੰ ਰੱਸੀ (ਰੋਪ) ਸਬੰਧੀ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਉਨ੍ਹਾਂ ਨੇ ਆਪਦਾ ਦੌਰਾਨ ਰੱਸੀ ਦੀ ਸਹੀ ਵਰਤੋਂ, ਗੰਢਾਂ (ਨਾਟਸ) ਲਗਾਉਣ ਦੇ ਤਰੀਕੇ, ਸੁਰੱਖਿਆ ਜਾਂਚ ਅਤੇ ਹੜ ਤੇ ਅੱਗ ਦੌਰਾਨ ਬਚਾਵ ਕਾਰਜਾਂ ਵਿੱਚ ਰੱਸੀ ਦੀ ਵਿਹਾਰਕ ਭੂਮਿਕਾ ਬਾਰੇ ਪ੍ਰਯੋਗਿਕ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਟ੍ਰੇਨਿੰਗ ਨਾਲ ਸੰਬੰਧਿਤ ਮਹੱਤਵਪੂਰਨ ਨੋਟਸ, ਤਕਨੀਕੀ ਜਾਣਕਾਰੀ ਅਤੇ ਸੁਰੱਖਿਆ ਨਿਰਦੇਸ਼ ਵੀ ਵਲੰਟੀਅਰਾਂ ਨਾਲ ਸਾਂਝੇ ਕੀਤੇ।

ਇਸਦੇ ਨਾਲ ਹੀ ਸਲੋਨੀ ਸ਼ਰਮਾ,   ਅਤੇ ਅੰਜਨਾ ਸ਼ਰਮਾ,ਸ਼ਾਇਨਾ ਕੌਰ ਤਜਰਬੇਕਾਰ ਇੰਸਟ੍ਰਕਟਰਾਂ ਵੱਲੋਂ ਵਲੰਟੀਅਰਾਂ ਨੂੰ ਪ੍ਰਯੋਗਿਕ ਅਤੇ ਸ਼ਾਰੀਰਕ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਸੈਸ਼ਨਾਂ ਦੌਰਾਨ ਸ਼ਾਰੀਰਕ ਤਿਆਰੀ, ਸਹਿਨਸ਼ੀਲਤਾ, ਸੰਤੁਲਨ ਅਤੇ ਟੀਮ ਵਰਕ ‘ਤੇ ਖਾਸ ਧਿਆਨ ਦਿੱਤਾ ਗਿਆ, ਜੋ ਆਪਦਾ ਸਮੇਂ ਪ੍ਰਭਾਵਸ਼ਾਲੀ ਕਾਰਜਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ।

ਅਧਿਕਾਰੀਆਂ ਅਨੁਸਾਰ ਯੁਵਾ ਮਿੱਤਰ ਟ੍ਰੇਨਿੰਗ ਦਾ ਚੌਥਾ ਦਿਨ ਵਲੰਟੀਅਰਾਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਲਾਭਕਾਰੀ ਸਾਬਤ ਹੋਇਆ, ਜਿਸ ਨਾਲ ਉਹ ਹੜ ਅਤੇ ਅੱਗ ਵਰਗੀਆਂ ਗੰਭੀਰ ਆਪਦਾਵਾਂ ਦੌਰਾਨ ਜ਼ਿੰਮੇਵਾਰ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸੇਵਾ ਨਿਭਾਉਣ ਦੇ ਯੋਗ ਬਣ ਰਹੇ ਹਨ।

Leave a Reply

Your email address will not be published. Required fields are marked *