ਤਰਨ ਤਾਰਨ, 27 ਜਨਵਰੀ ( ) – ਜਿਲ੍ਹਾ ਤਰਨ ਤਾਰਨ ਵਿੱਚ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਯੋਜਨਾ ਅਧੀਨ “ਪੋਸ਼ਣ ਵੀ, ਪੜ੍ਹਾਈ ਵੀ” ਮੁਹਿੰਮ ਤਹਿਤ ਆਂਗਣਵਾੜੀ ਵਰਕਰਾਂ ਲਈ ਟਾਇਰ ਟੂ (ਫੇਸ 2 ) ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਰਾਹੁਲ ਅਰੋੜਾ ਨੇ ਦੱਸਿਆ ਕਿ ਅੱਜ ਪਹਿਲੇ ਬੈਚ ਤਹਿਤ ਬਲਾਕ ਨੌਸ਼ਹਿਰਾ ਪੰਨੂਆ ਦੇ ਆਂਗਣਵਾੜੀ ਕੇਂਦਰਾਂ ਵਿੱਚ ਕਾਰਜਰਤ ਆਂਗਣਵਾੜੀ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਸ਼੍ਰੀਮਤੀ ਨਤਾਸ਼ਾ ਸਾਗਰ (ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਨੌਸ਼ਹਿਰਾ ਪੰਨੂਆ) ਵੀ ਹਾਜ਼ਰ ਰਹੇ ਅਤੇ ਉਨ੍ਹਾਂ ਵੱਲੋਂ ਟ੍ਰੇਨਿੰਗ ਕਾਰਜਕ੍ਰਮ ਦੀ ਸਮੀਖਿਆ ਕੀਤੀ ਗਈ।
ਟ੍ਰੇਨਿੰਗ ਦੌਰਾਨ ਬੱਚਿਆਂ ਦੀ ਸਮੁੱਚੀ ਵਿਕਾਸੀ ਪ੍ਰਕਿਰਿਆ, ਪੋਸ਼ਣ, ਸਿਹਤ, ਸ਼ੁਰੂਆਤੀ ਬਚਪਨ ਸਿੱਖਿਆ (ਈ ਸੀ ਸੀ ਈ ) ਅਤੇ ਸਰਗਰਮੀ ਆਧਾਰਿਤ ਪੜ੍ਹਾਈ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਨੂੰ ਸ਼੍ਰੀ ਗੁਰਵੇਲ ਸਿੰਘ (ਜ਼ਿਲ੍ਹਾ ਕੋਆਰਡੀਨੇਟਰ, ਪੋਸ਼ਣ), ਮਨਪ੍ਰੀਤ ਕੌਰ (ਬਲਾਕ ਕੋਆਰਡੀਨੇਟਰ, ਪੋਸ਼ਣ) , ਮਨਿੰਦਰ ਪਾਲ ਕੌਰ (ਸੁਪਰਵਾਈਜ਼ਰ, ਬਲਾਕ ਨਸ਼ਹਿਰਾ ਪੰਨੂਆ) ਅਤੇ ਸੁਮਨਦੀਪ ਕੌਰ (ਸੁਪਰਵਾਈਜ਼ਰ, ਬਲਾਕ ਤਰਨ ਤਾਰਨ) ਵੱਲੋਂ ਕਰਵਾਇਆ ਗਿਆ|
ਉਨ੍ਹਾਂ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਆਂਗਣਵਾੜੀ ਵਰਕਰਾਂ ਦੀ ਸਮਰੱਥਾ ਵਿੱਚ ਵਾਧਾ ਕਰਨਾ ਹੈ ਤਾਂ ਜੋ ਬੱਚਿਆਂ ਨੂੰ ਪੋਸ਼ਣ ਦੇ ਨਾਲ-ਨਾਲ ਗੁਣਵੱਤਾਪੂਰਨ ਸਿੱਖਿਆ ਵੀ ਮੁਹੱਈਆ ਕਰਵਾਈ ਜਾ ਸਕੇ। ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਦੇ ਹੋਰ ਬਲਾਕਾਂ ਦੇ ਆਂਗਣਵਾੜੀ ਵਰਕਰਾਂ ਲਈ ਵੀ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਕਰਵਾਈਆਂ ਜਾਣਗੀਆਂ।

