ਖਾਲੜਾ/ਤਰਨ ਤਾਰਨ, 26 ਜਨਵਰੀ ( ) – ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ, ਆਈ.ਏ.ਐੱਸ. ਅਤੇ ਐੱਸ.ਐੱਸ.ਪੀ. ਤਰਨ ਤਾਰਨ ਸ੍ਰੀ ਸੁਰੇਂਦਰ ਲਾਂਬਾ ਵੱਲੋਂ ਗਣਤੰਤਰ ਦਿਵਸ ਦੇ ਸ਼ੁਭ ਦਿਹਾੜੇ ਮੌਕੇ ਬੀ.ਓ.ਪੀ. ਖਾਲੜਾ ਅਤੇ ਪੁਲਿਸ ਸਟੇਸ਼ਨ ਖਾਲੜਾ ਦਾ ਦੌਰਾ ਕਰਕੇ ਬੀ.ਐੱਸ.ਐੱਫ਼. ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦੇਣ ਦੇ ਨਾਲ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਸ਼ਾਬਾਸ਼ੀ ਦਿੱਤੀ ਹੈ।
ਬੀ.ਓ.ਪੀ. ਖਾਲੜਾ ਵਿਖੇ ਬੀ.ਐੱਸ.ਐੱਫ਼. ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਅਤੇ ਸ਼ਾਬਾਸ਼ੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਕਿਹਾ ਕਿ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਬੀ.ਐੱਸ.ਐੱਫ਼ ਜਵਾਨਾਂ ਉੱਪਰ ਮਾਣ ਹੈ। ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ਼ ਦੇ ਜਵਾਨ ਹਰ ਚੁਣੌਤੀ ਦਾ ਸਾਹਮਣਾ ਕਰਕੇ ਸਰਹੱਦਾਂ ਦੀ ਪਹਿਰੇਦਾਰੀ ਕਰਦੇ ਹਨ ਅਤੇ ਇਨ੍ਹਾਂ ਜਵਾਨਾਂ ਦੀ ਬਹਾਦਰੀ ਕਾਰਨ ਹੀ ਅਸੀਂ ਦੇਸ਼ ਵਾਸੀ ਚੈਨ ਦੀ ਨੀਂਦ ਸੌਂਦੇ ਹਾਂ।
ਇਸ ਉਪਰੰਤ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਤਰਨ ਤਾਰਨ ਵੱਲੋਂ ਪੁਲਿਸ ਸਟੇਸ਼ਨ ਖਾਲ਼ੜਾ ਦਾ ਦੌਰਾ ਕਰਕੇ ਐੱਸ.ਐੱਚ.ਓ. ਸਮੇਤ ਥਾਣੇ ਦੇ ਸਮੂਹ ਕਰਮਚਾਰੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਦੇਸ਼ ਦੀ ਸਰਹੱਦ ਦੇ ਨਾਲ ਸੈਕੰਡ ਡਿਫੈਂਸ ਲਾਈਨ ਵੱਲੋਂ ਆਪਣੇ ਰੋਲ ਨੂੰ ਬਹੁਤ ਵੀ ਵਧੀਆ ਢੰਗ ਨਾਲ ਨਿਭਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਤੇ ਦੇਸ਼ ਵਾਸੀਆਂ ਨੂੰ ਆਪਣੇ ਇਨ੍ਹਾਂ ਬਹਾਦਰ ਜਵਾਨਾਂ ਉੱਪਰ ਹਮੇਸ਼ਾਂ ਮਾਣ ਰਹੇਗਾ।

