ਸਪੀਕਰ ਨੇ ਵਾਰਾਣਸੀ ਵਿਖੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ

ਚੰਡੀਗੜ੍ਹ 24 ਜਨਵਰੀ :

ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਉੱਤਰ ਪ੍ਰਦੇਸ਼ ਦੇ ਪਾਵਨ ਨਗਰ ਵਾਰਾਣਸੀ ਪੁੱਜ ਕੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਅਤੇ ਬਾਬਾ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਮੱਥਾ ਵੀ ਟੇਕਿਆ। ਇਹ ਮੰਦਰ ਪਵਿੱਤਰ ਗੰਗਾ ਨਦੀ ਦੇ ਕੰਢੇ ਸਥਿਤ ਹੈ, ਜੋ ਨਾ ਸਿਰਫ ਆਸਥਾ ਦਾ ਕੇਂਦਰ ਹੈ ਸਗੋਂ ਸਾਡੀ ਸ਼ਾਨਦਾਰ ਵਿਰਾਸਤ ਅਤੇ ਆਧੁਨਿਕਤਾ ਦਾ  ਸ਼ਾਨਦਾਰ ਸੁਮੇਲ ਵੀ ਹੈ।

ਉਨ੍ਹਾਂ ਨੇ ਵਾਰਾਣਸੀ (ਯੂ.ਪੀ.) ਵਿੱਚ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਵਿਖੇ ਵੀ ਨਤਮਤਸਕ ਹੋਏ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ।  ਸਪੀਕਰ ਨੇ ਸਾਰੇ ਪੰਜਾਬੀਆਂ ਦੀ ਭਲਾਈ ਲਈ ਵੀ ਅਰਦਾਸ ਕੀਤੀ।

ਸ. ਸੰਧਵਾਂ ਨੇ ਵਾਰਾਣਸੀ ਦੀ  ਪਵਿੱਤਰ ਧਰਤੀ ਬਾਰੇ  ਕਿਹਾ ਕਿ ਉਨ੍ਹਾਂ ਨੂੰ ਇੱਥੇ ਪੁੱਜ ਕੇ ਅਥਾਹ ਸ਼ਾਂਤੀ ਅਤੇ ਸੁਕੂਨ ਮਹਿਸੂਸ ਹੋਈ ਹੈ। ਇਹ ਉਹੀ ਇਤਿਹਾਸਕ ਸਥਾਨ ਹੈ ਜਿਸਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਭਾਗ ਲਾਏ ਸਨ ਅਤੇ ਪੰਡਿਤ ਚਤੁਰ ਦਾਸ ਨਾਲ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ‘ਓਂਕਾਰ’ ਬਾਣੀ ਰਾਹੀਂ ਸੱਚ ਦਾ ਮਾਰਗ ਦਿਖਾਇਆ ਸੀ।

ਇਸ ਦੌਰਾਨ ਸਪੀਕਰ ਸੰਧਵਾਂ ਨੇ ’ਬੇਗਮਪੁਰਾ’ ਦਾ ਸੰਕਲਪ ਦੇਣ ਵਾਲੇ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ ਪਵਿੱਤਰ ਜਨਮ ਸਥਾਨ, ਸੀਰ ਗੋਵਰਧਨਪੁਰ ਵਿਖੇ ਵੀ ਮੱਥਾ ਟੇਕਿਆ। ‘ਬੇਗ਼ਮਪੁਰਾ’ ਤੋਂ ਭਗਤ ਰਵਿਦਾਸ ਜੀ ਦਾ ਭਾਵ ਸੀ  ਉਹ ਥਾਂ ਜਿੱਥੇ ਕੋਈ ਗ਼ਮ ਜਾਂ ਦੁੱਖ ਨਾ ਹੋਵੇ, ਕੋਈ ਭੇਦਭਾਵ ਅਤੇ ਕੋਈ ਅਨਿਆਂ ਨਾ ਹੋਵੇ। ਆਓ ਅਸੀਂ ਉਨ੍ਹਾਂ ਦੁਆਰਾ ਦਰਸਾਏ ਮਾਰਗ ’ਤੇ ਚੱਲਣ ਦਾ ਯਤਨ ਕਰੀਏ ਅਤੇ ਜਾਤ-ਪਾਤ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਵਧਾਈਏ।

Leave a Reply

Your email address will not be published. Required fields are marked *