ਚੰਡੀਗੜ੍ਹ/ਅੰਮ੍ਰਿਤਸਰ, 23 ਜਨਵਰੀ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਗਣਤੰਤਰ ਦਿਵਸ ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਸੂਬੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਚਲਦਿਆਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.), ਅੰਮ੍ਰਿਤਸਰ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੁੰਨ ਨੂੰ ਗ੍ਰਿਫਤਾਰ ਕਰਕੇ ਇਸੇ ਸੰਗਠਨ ਨਾਲ ਸਬੰਧਤ ਅੱਤਵਾਦੀ ਗਿਰੋਹ ਵੱਲੋਂ ਸੁਰੱਖਿਆ ਸੰਸਥਾਨ ’ਤੇ ਹੋਣ ਵਾਲੇ ਅੱਤਵਾਦੀ ਹਮਲੇ ਨੂੰ ਟਾਲ ਦਿੱਤਾ । ਇਹ ਜਾਣਾਕਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਤਰਨਤਾਰਨ ਦੇ ਪਿੰਡ ਦੀਨੇਵਾਲ ਦੇ ਰਹਿਣ ਵਾਲੇ ਸ਼ਰਨਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ 1 ਪੀ86 ਹੈਂਡ ਗ੍ਰੇਨੇਡ, ਇੱਕ 9 ਐਮਐਮ ਗਲੌਕ ਪਿਸਤੌਲ ਦੇ ਨਾਲ-ਨਾਲ ਪੰਜ ਜ਼ਿੰਦਾ ਕਾਰਤੂਸ ਅਤੇ 65 ਗ੍ਰਾਮ ਆਈ.ਸੀ.ਈ. ਡਰੱਗ ਵੀ ਬਰਾਮਦ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਵਿਦੇਸ਼ੀ ਸਥਿਤ ਬੀ.ਕੇ.ਆਈ. ਸੰਚਾਲਕਾਂ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੌੜੀਆਂ, ਆਦੇਸ਼ਬੀਰ ਸਿੰਘ ਉਰਫ ਆਦੇਸ਼ ਜਮਾਰਾਏ ਅਤੇ ਸਿਮਰਨਜੀਤ ਸਿੰਘ ਉਰਫ ਸਿੰਮਾ ਦਿਓਲ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ, ਜੋ ਪੰਜਾਬ ਵਿੱਚ ਦਹਿਸ਼ਤ ਅਤੇ ਦਹਿਸ਼ਤ ਪੈਦਾ ਕਰਨ ਲਈ ਵਿਘਨਕਾਰੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਿੱਚ ਸਰਗਰਮੀ ਨਾਲ ਸ਼ਾਮਲ ਰਹੇ ਹਨ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।
ਏ.ਆਈ.ਜੀ. ਐਸ.ਐਸ.ਓ.ਸੀ., ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਖੁਫੀਆ ਆਪ੍ਰੇਸ਼ਨ ਤਹਿਤ ਐਸਐਸਓਸੀ ਅੰਮ੍ਰਿਤਸਰ ਦੀਆਂ ਟੀਮਾਂ ਨੇ ਸ਼ੱਕੀ ਸ਼ਰਨਪ੍ਰੀਤ ਸਿੰਘ ਨੂੰ ਅੰਮ੍ਰਿਤਸਰ-ਤਰਨ ਤਾਰਨ ਹਾਈਵੇਅ ’ਤੇ ਬੰਡਾਲਾ ਮੌੜ ਦੇ ਖੇਤਰ ਤੋਂ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ ਇੱਕ ਗਲੌਕ ਪਿਸਤੌਲ, ਗੋਲਾ ਬਾਰੂਦ ਅਤੇ 65 ਗ੍ਰਾਮ ਆਈਸੀਈ ਡਰੱਗ ਬਰਾਮਦ ਕੀਤੀ।
ਨਿਰੰਤਰ ਪੁੱਛਗਿੱਛ ਦੌਰਾਨ ਸ਼ਰਨਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਕਿ ਹਾਲ ਹੀ ਵਿੱਚ ਉਸਦੇ ਹੈਂਡਲਰਾਂ ਨੇ ਇੱਕ ਹੈਂਡ ਗ੍ਰਨੇਡ ਦੀ ਡਿਲੀਵਰੀ ਦਾ ਪ੍ਰਬੰਧ ਕੀਤਾ ਸੀ ਜਿਸਨੂੰ ਉਸਨੇ ਅੰਮ੍ਰਿਤਸਰ-ਤਰਨ ਤਾਰਨ ਹਾਈਵੇਅ ’ਤੇ ਚਰਚ ਦੇ ਨੇੜੇ ਇੱਕ ਥਾਂ ’ਤੇ ਲੁਕਾਇਆ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਵੱਲੋਂ ਕੀਤੇ ਗਏ ਖੁਲਾਸੇ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਐਸ.ਐਸ.ਓ.ਸੀ. ਅੰਮ੍ਰਿਤਸਰ ਦੀ ਟੀਮ ਦੋਸ਼ੀ ਨੂੰ ਉਕਤ ਸਥਾਨ ’ਤੇ ਲੈ ਗਈ, ਜਿੱਥੋਂ ਇੱਕ ਪੀ86 ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ।
ਏਆਈਜੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸ਼ਰਨਪ੍ਰੀਤ ਸਿੰਘ ਆਪਣੀ ਚਚੇਰੇ ਭਰਾ ਸਿੰਮਾ ਦਿਓਲ ਰਾਹੀਂ ਇਸ ਨੈੱਟਵਰਕ ਵਿੱਚ ਸ਼ਾਮਲ ਹੋਇਆ ਸੀ। ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਉਕਤ ਦੋਸ਼ੀ ਵਿਸਫੋਟਕਾਂ, ਹਥਿਆਰਾਂ ਆਦਿ ਦੀਆਂ ਖੇਪਾਂ ਪਹੁੰਚਾ ਰਿਹਾ ਸੀ ਅਤੇ ਗੈਰ-ਕਾਨੂੰਨੀ ਪੈਸੇ ਦਾ ਪ੍ਰਬੰਧਨ ਕਰ ਰਿਹਾ ਸੀ।
ਇਸ ਸਬੰਧੀ ਪੁਲਿਸ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 22, ਅਸਲਾ ਐਕਟ ਦੀ ਧਾਰਾ 25 ਅਤੇ ਬੀਐਨਐਸ ਦੀ ਧਾਰਾ 61(2) ਤਹਿਤ ਐਫਆਈਆਰ ਨੰਬਰ 02 ਮਿਤੀ 21.01.2026 ਦਰਜ ਕੀਤੀ ਗਈ ਸੀ ਅਤੇ ਬਾਅਦ ਵਿੱਚ ਗ੍ਰਨੇਡ ਦੀ ਬਰਾਮਦਗੀ ਉਪਰੰਤ ਇਸ ਵਿੱਚ ਵਿਸਫੋਟਕ ਐਕਟ ਦੀਆਂ ਸਬੰਧਤ ਧਾਰਾਵਾਂ ਜੋੜੀਆਂ ਗਈਆਂ।

