ਸਪੀਕਰ ਸੰਧਵਾਂ ਨੇ ਲੋਹੜੀ ਦੇ ਸਮਾਗਮ ਵਿੱਚ ਕੀਤੀ ਸ਼ਿਰਕਤ

ਕੋਟਕਪੂਰਾ 11 ਜਨਵਰੀ
ਕੋਟਕਪੂਰਾ ਵਿਖੇ ਜੈ ਮਾਂ ਚਿੰਤਪੁਰਨੀ ਕਲੱਬ ਵੱਲੋਂ ਲਾਡਲੀਆਂ ਧੀਆਂ ਨੂੰ ਸਮਰਪਿਤ ਲੋਹੜੀ ਦਾ ਸਮਾਗਮ ਮਨਾਇਆ ਗਿਆ। ਜਿਸ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ।
ਸਪੀਕਰ ਸੰਧਵਾਂ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ  ਪੰਜਾਬ ਦਾ ਇਕ ਰਵਾਇਤੀ ਅਤੇ ਪੰਜਾਬੀ ਵਿਰਸੇ ਨਾਲ ਜੁੜਿਆ ਤਿਉਹਾਰ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਿਰਫ਼ ਪੁੱਤਰ ਦੇ ਪੈਦਾ ਹੋਣ ’ਤੇ ਹੀ ਲੋਹੜੀ ਮਨਾਈ ਜਾਂਦੀ ਸੀ ਪਰ ਅਜੋਕੇ ਪੜ੍ਹੇ-ਲਿਖੇ ਸਮਾਜ ’ਚ ਲੜਕੇ ਤੇ ਲੜਕੀ ’ਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ ਤੇ ਹੁਣ ਲੋਕ ਧੀਆਂ ਦੀ ਲੋਹੜੀ ਵੀ ਮਨਾਉਣ ਲੱਗੇ ਹਨ।
ਉਨ੍ਹਾਂ ਕਿਹਾ ਕਿ ਅਜੋਕੇ ਸਮਾਜ ਦੇ ਰਸਮਾਂ-ਰਿਵਾਜ, ਰਹਿਣ-ਸਹਿਣ ਦੇ ਢੰਗ ਵੀ ਪਹਿਲਾਂ ਵਰਗੇ ਨਹੀਂ ਰਹੇ ਤੇ ਸੋਚ ਵੀ ਨਿਰੰਤਰ ਬਦਲ ਰਹੀ ਹੈ ਪਰ ਇਹ ਤਿਉਹਾਰ ਹੀ ਹਨ ਜੋ ਸਾਨੂੰ ਸਮਾਜ ਅਤੇ ਸਭਿਆਚਾਰ ਨਾਲ ਜੋੜ ਕੇ ਰੱਖ ਰਹੇ ਹਨ ਅਤੇ ਨੌਜਵਾਨ ਪੀੜੀ ਨੂੰ ਵੀ ਇਹਨਾਂ ਤਿਉਹਾਰਾਂ ਨੂੰ ਮਨਾਉਣਾ ਚਾਹੀਦਾ ਹੈ ਅਤੇ ਆਪਣੇ ਸੱਭਿਆਚਾਰ ਤੋਂ ਜਾਣੂ ਹੋਣਾ ਚਾਹੀਦਾ ਹੈ।ਇਸ ਮੌਕੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਸ.ਮਨਪ੍ਰੀਤ ਸਿੰਘ ਧਾਲੀਵਾਲ, ਬਲਜੀਤ ਖੀਵਾ, ਸੁਖਵਿੰਦਰ ਸਿੰਘ, ਪਵਨ ਸੇਠੀ, ਹਨੀ ਸਿੰਘ, ਰਮਨ ਚਾਵਲਾ, ਸੋਨੂ ਮਹਾਜਨ, ਮੁਨੀਸ਼ ਨਾਰੰਗ, ਵਿੱਕੀ ਕੋਟਕਪੂਰਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *