ਸ਼ਹਿਰ ਸੁਨਾਮ ਦੇ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ 3.68 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ

ਸੁਨਾਮ ਊਧਮ ਸਿੰਘ ਵਾਲਾ, 3 ਜਨਵਰੀ (000) – ਵਿਧਾਨ ਸਭਾ ਹਲਕਾ ਸੁਨਾਮ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਿਸ਼ਨ ਵਿੱਚ ਨਵਾਂ ਅਧਿਆਇ ਜੁੜਿਆ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸ੍ਰੀ ਅਮਨ ਅਰੋੜਾ ਨੇ ਬੀਤੇ ਦਿਨੀਂ ਸ਼ਹਿਰ ਸੁਨਾਮ ਦੇ ਵੱਖ-ਵੱਖ ਵਾਰਡਾਂ ਵਿੱਚ 3 ਕਰੋੜ 68 ਲੱਖ 47 ਹਜ਼ਾਰ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।

ਸ੍ਰੀ ਅਮਨ ਅਰੋੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਲਕੇ ਦੇ ਹਰ ਵਿਅਕਤੀ ਤੱਕ ਵਿਕਾਸ ਦੀ ਲਹਿਰ ਪਹੁੰਚਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਵੱਲੋਂ ਮਿਲ ਰਹੇ ਬੇਪਨਾਹ ਪਿਆਰ ਅਤੇ ਸਹਿਯੋਗ ਦਾ ਮੁੱਲ ਮੋੜਨ ਲਈ ਉਹ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ। ਇਹ ਵਿਕਾਸ ਕਾਰਜ ਸ਼ਹਿਰ ਦੇ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਸੁਖਾਲਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਉਹਨਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਸਤੀ ਸ਼ਿਵਾਲਾ ਮੰਦਿਰ ਜਖੇਪਲ ਰੋਡ ਵਿਖੇ 13.78 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਮਰਿਆਂ ਦਾ ਉਦਘਾਟਨ, ਫਤਿਹ ਨਗਰ ਬਖਸ਼ੀਵਾਲਾ ਮੋੜ ਵਿਖੇ ਵਾਰਡ ਨੰਬਰ 8, 9 ਅਤੇ 10 ਵਿੱਚ 1 ਕਰੋੜ 47 ਲੱਖ ਰੁਪਏ ਨਾਲ ਗਲੀਆਂ-ਨਾਲੀਆਂ ਅਤੇ ਟਾਈਲਾਂ ਲਗਾਉਣ ਦੇ ਨਵੇਂ ਕੰਮਾਂ ਦੀ ਸ਼ੁਰੂਆਤ, ਪੀਰ ਬੰਨਾ ਬਨੋਈ ਰੋਡ ਨੇੜੇ ਐਚ-9 ਹੋਟਲ ਵਿਖੇ ਵਾਰਡ ਨੰਬਰ 22 ਵਿੱਚ 40.43 ਲੱਖ ਰੁਪਏ ਨਾਲ ਨਵੇਂ ਵਿਕਾਸ ਕਾਰਜਾਂ ਦੀ ਸ਼ੁਰੂਆਤ, ਰੇਗਰ ਧਰਮਸ਼ਾਲਾ ਵਿਖੇ ਵਾਰਡ ਨੰਬਰ 13 ਵਿੱਚ 43.26 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਕੰਮਾਂ ਦੀ ਸ਼ੁਰੂਆਤ, ਗੀਤਾ ਭਵਨ ਰੋਡ ‘ਤੇ 12 ਲੱਖ ਰੁਪਏ ਨਾਲ ਗੇਟ ਦਾ ਨੀਂਹ ਪੱਥਰ ਅਤੇ ਚੌਕ ਮਹੰਤਾਂ ਦਾ ਡੇਰਾ ਵਿਖੇ ਵਾਰਡ ਨੰਬਰ 2, 5 ਅਤੇ 7 ਵਿੱਚ 1 ਕਰੋੜ 12 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਸ਼ਾਮਿਲ ਹੈ।

ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਇਹ ਕਾਰਜ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਵਧਾਉਣਗੇ ਬਲਕਿ ਗਲੀਆਂ-ਨਾਲੀਆਂ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਕੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਵਾਤਾਵਰਨ ਮੁਹੱਈਆ ਕਰਵਾਉਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਹਲਕੇ ਦੇ ਵਿਕਾਸ ਲਈ ਅਜਿਹੇ ਹੋਰ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।

ਇਸ ਮੌਕੇ ਸ੍ਰ ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ, ਸ਼੍ਰੀ ਮੁਕੇਸ਼ ਜੁਨੇਜਾ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ, ਸ਼੍ਰੀ ਜਤਿੰਦਰ ਜੈਨ ਮੀਡੀਆ ਕੋਆਰਡੀਨੇਟਰ, ਸ਼੍ਰੀ ਸਨੀ ਕਾਂਸਲ, ਸ਼੍ਰੀ ਚਮਕੌਰ ਹਾਂਡਾ, ਸ਼੍ਰੀ ਬਿੱਟੂ ਤਲਵਾਰ, ਸ਼੍ਰੀ ਭਾਨੁ ਪ੍ਰਤਾਪ, ਸ਼੍ਰੀ ਮਨਪ੍ਰੀਤ ਬਾਂਸਲ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅਤੇ ਉਨ੍ਹਾਂ ਨੇ ਵਿਧਾਇਕ ਸ੍ਰੀ ਅਮਨ ਅਰੋੜਾ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *